ਕੋਰੋਨਾ : ਪੜ੍ਹੋ, ਠੀਕ ਹੋਣ ਤੋਂ ਬਾਅਦ ਕੀ ਕਿਹਾ ਰਾਗੀ ਬਲਦੇਵ ਸਿੰਘ ਦੇ ਪੁੱਤਰ ਫ਼ਤਿਹ ਸਿੰਘ ਨੇ

    0
    731

    ਨਵਾਂਸ਼ਹਿਰ . ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਕੋਰੋਨਾ ਵਾਇਰਸ ਤੋਂ ਮੁਕਤ ਹੋਏ ਪਠਲਾਵਾ ਦੇ ਨੌਜੁਆਨ ਫ਼ਤਹਿ ਸਿੰਘ ਨੇ ਲੋਕਾਂ ਦੇ ਰੂ-ਬ-ਰੂ ਹੁੰਦਿਆਂ ਅਪੀਲ ਕੀਤੀ ਹੈ ਕਿ ਕੋਵਿਡ-19 ਦਾ ਮੁਕਾਬਲਾ ਘਰਾਂ ਵਿੱਚ ਰਹਿ ਕੇ, ਸਿਹਤ ਵਿਭਾਗ ਵੱਲੋਂ ਜਾਰੀ ਸਾਵਧਾਨੀਆਂ ਦੀ ਪਾਲਣਾ ਕਰਕੇ ਅਤੇ ਆਪਣੀ ਅੰਦਰੂਨੀ ਦ੍ਰਿੜ ਇੱਛਾ ਸ਼ਕਤੀ ਨਾਲ ਕੀਤਾ ਜਾ ਸਕਦਾ ਹੈ।

    ਉਸਨੇ ਕਿਹਾ ਕਿ ਉਹ ਜਦੋਂ ਤੋਂ ਸਿਵਲ ਹਸਪਤਾਲ ਨਵਾਂਸ਼ਹਿਰ ਆਪਣੇ ਪਰਿਵਾਰ ਸਮੇਤ ਇਲਾਜ ਲਈ ਆਏ ਹਨ, ਉਦੋਂ ਤੋਂ ਹੀ ਮੈਡੀਕਲ ਟੀਮ ਵਲੋਂ ਕੀਤੀ ਸਾਂਭ-ਸੰਭਾਲ ਅਤੇ ਦਿੱਤੀ ਲੋੜੀਂਦੀ ਦਵਾਈ ਅਤੇ ਪੌਸ਼ਟਿਕ ਅਹਾਰ ਲੈ ਰਹੇ ਹਨ ਅਤੇ ਡਾਕਟਰਾਂ ਦੀ ਸਾਂਭ-ਸੰਭਾਲ ਦਾ ਹੀ ਨਤੀਜਾ ਹੈ ਕਿ ਉਸਨੂੰ ਦੂਸਰੀ ਵਾਰ ਕੀਤੇ ਟੈਸਟ ਵਿੱਚ ਨੈਗਟਿਵ ਆਉਣ ਤੋਂ ਬਾਅਦ ਕੋਰੋਨਾ ਤੋਂ ਮੁਕਤ ਐਲਾਨਿਆ ਗਿਆ।


    ਫ਼ਤਹਿ ਸਿੰਘ ਜੋ ਕਿ ਜ਼ਿਲ੍ਹੇ ਦੇ ਪਹਿਲੇ ਕੋਰੋਨਾ ਪੀੜਤ ਸਵ. ਬਲਦੇਵ ਸਿੰਘ ਪਠਲਾਵਾ ਦਾ ਪੁੱਤਰ ਹੈ, ਨੇ ਸਿਵਲ ਹਸਪਤਾਲ ਨਵਾਂਸ਼ਹਿਰ ‘ਚੋਂ ਮਿਲੇ ਇਲਾਜ ‘ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਲਾਜ ਦੇ ਨਾਲ-ਨਾਲ ਅੰਦਰੂਨੀ ਇੱਛਾ ਸ਼ਕਤੀ ਦਾ ਮਜ਼ਬੂਤ ਹੋਣਾ ਵੀ ਇਸ ਬਿਮਾਰੀ ਦਾ ਟਾਕਰਾ ਕਰਨ ਵਿੱਚ ਮਦਦ ਕਰਦਾ ਹੈ। ਫ਼ਤਹਿ ਸਿੰਘ ਨੇ ਦੱਸਿਆ ਕਿ ਜਿਸ ਦਿਨ ਉਹ ਸਿਵਲ ਹਸਪਤਾਲ ਨਵਾਂਸ਼ਹਿਰ ‘ਚ ਆਏ ਸਨ, ਉਸ ਦਿਨ ਤੋਂ ਹੀ ਉਨ੍ਹਾਂ ਨੂੰ ਪ੍ਰਮਾਤਮਾ ‘ਤੇ ਆਪਣੇ ਸਾਰੇ ਜੀਆਂ ਦੇ ਤੰਦਰੁਸਤ ਹੋਣ ਦਾ ਵਿਸ਼ਵਾਸ ਸੀ ਤੇ ਅੱਜ ਉਸ ਵਿਸ਼ਵਾਸ ਨੂੰ ਵੀ ਬਲ ਮਿਲਿਆ ਹੈ।


    ਠੀਕ ਹੋਣ ਬਾਅਦ ਸਿਵਲ ਹਸਪਤਾਲ ਦੇ ਕੁਆਰੰਟੀਨ ਵਾਰਡ ‘ਚ ਗੱਲਬਾਤ ਕਰਦਿਆਂ ਫਤਹਿ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਵਾਇਰਸ ਤੋਂ ਘਬਰਾਉਣ ਦੀ ਬਜਾਏ ਸਿਹਤ ਵਿਭਾਗ ਵੱਲੋਂ ਦੱਸੀਆ ਸਾਵਧਾਨੀਆਂ ਦੀ ਪੂਰੀ ਤਰ੍ਹਾਂ ਪਾਲਣਾ ਕਰਨ, ਘਰਾਂ ‘ਚ ਟਿਕ ਕੇ ਰਹਿਣ, ਆਪਣੇ ਹੱਥਾਂ ਨੂੰ ਸਾਬਣ ਨਾਲ ਜਾਂ ਸੈਨੀਟਾਇਜ਼ਰ ਨਾਲ ਵਾਰ ਵਾਰ ਧੋਣ, ਭੀੜ ਵਿੱਚ ਬਿਲਕੁਲ ਵੀ ਨਾ ਜਾਣ।


    ਫਤਿਹ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਠਲਾਵਾ ਨੂੰ 20 ਮਾਰਚ ਨੂੰ ਕੋਵਿਡ -19 ਪਾਜ਼ੀਟਿਵ ਵਜੋਂ ਪਛਾਣਿਆ ਗਿਆ ਸੀ ਅਤੇ ਨਵਾਂਸ਼ਹਿਰ ਵਿਖੇ ਜ਼ਿਲ੍ਹਾ ਹਸਪਤਾਲ ਦੇ ਕੁਅਰੰਟਾਈਨ ਵਾਰਡ ਵਿਚ ਰੱਖਿਆ ਗਿਆ ਸੀ।
    ਉਸ ਨੂੰ 4 ਅਪ੍ਰੈਲ ਵਾਲੇ ਦਿਨ ਕੋਵਿਡ -19 ਲਈ ਨੈਗੇਟਿਵ ਪਾਇਆ ਗਿਆ ਸੀ ਅਤੇ ਫਿਰ 5 ਅਪ੍ਰੈਲ ਨੂੰ ਦੂਜੀ ਵਾਰ ਕੀਤੇ ਟੈਸਟ ਵਿਚ ਵੀ ਨੈਗੇਟਿਵ ਪਾਇਆ ਗਿਆ।ਅੱਜ ਉਸ ਨੂੰ ਆਈਸੋਲੇਸ਼ਨ ਵਾਰਡ ਵਿਚੋਂ ਬਾਹਰ ਭੇਜ ਦਿੱਤਾ ਗਿਆ ਹੈ। ਹੁਣ ਬਹੁਤ ਜਲਦ ਉਸਨੂੰ ਛੁੱਟੀ ਦੇ ਦਿੱਤੀ ਜਾਵੇਗੀ।


    ਕਿਸੇ ਵਿਅਕਤੀ ਦੇ ਨੈਗਿਟਿਵ ਪਾਏ ਜਾਣ ਤੋਂ ਇੱਕ ਦਿਨ ਬਾਅਦ ਲਏ ਗਏ ਦੋ ਨਮੂਨਿਆਂ ਤੋ ਬਾਅਦ ਹੀ ਉਸਨੂੰ ਤੰਦਰੁਸਤ ਐਲਾਨ ਕੀਤਾ ਜਾਂਦਾ ਹੈ। ਅਜਿਹੇ ਵਿਅਕਤੀ ਹੁਣ ਕਿਸੇ ਹੋਰ ਨੂੰ ਸੰਕਰਮਿਤ ਨਹੀਂ ਕਰਦੇ। ਇਹ ਪੁਰਜ਼ੋਰ ਅਪੀਲ ਕੀਤੀ ਜਾਂਦੀ ਹੈ ਕਿ ਇਲਾਜ਼ ਕੀਤੇ ਗਏ ਵਿਅਕਤੀਆਂ ਦਾ ਲੋਕਾਂ ਵਲੋਂ ਵਾਪਸ ਸਵਾਗਤ ਕੀਤਾ ਜਾਵੇ।

    Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।