ਭਾਜਪਾ ਨੇਤਾ ਦਾ ਵਿਵਾਦਤ ਬਿਆਨ, ਕਿਹਾ- ਮੈਂ ਜਿਥੇ ਵੀ ਜਾਂਦਾ, ਅਜ਼ਾਨ ਮੈਨੂੰ ਪਰੇਸ਼ਾਨ ਕਰਦੀ ਹੈ

0
207

ਬੈਂਗਲੁਰੂ| ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਕੇ ਈਸ਼ਵਰਰੱਪਾ ਨੇ ਇਕ ਵਾਰ ਫਿਰ ਵਿਵਾਦਤ ਬਿਆਨ ਦਿੱਤਾ ਹੈ। ਉਸਨੇ ਕਿਹਾ ਕਿ ਉਹ ਜਿਥੇ ਵੀ ਜਾਂਦਾ ਹੈ, ਅਜ਼ਾਨ ਉਸਨੂੰ ਪਰੇਸ਼ਾਨ ਕਰਦੀ ਹੈ। ਉਨ੍ਹਾਂ ਕਿਹਾ ਕਿ ਯਕੀਨੀ ਤੌਰ ਉਤੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਇਹ ਸਭ ਖਤਮ ਹੋ ਜਾਵੇਗਾ। ਈਸ਼ਵਰੱਪਾ ਇਸ ਤੋਂ ਪਹਿਲਾਂ ਵੀ ਭੜਕਾਊ ਬਿਆਨ ਦੇ ਚੁੱਕੇ ਹਨ।

ਈਸ਼ਵਰੱਪਾ ਨੇ ਮੰਗਲੁਰੂ ਵਿਚ ਇਹ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰੇ ਧਰਮਾਂ ਦਾ ਸਨਮਾਨ ਕਰਨ ਦੀ ਗੱਲ ਕੀਤੀ ਹੈ ਪਰ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਕੀ ਅੱਲ੍ਹਾ ਉਦੋਂ ਹੀ ਸੁਣਦਾ ਹੈ, ਜਦੋਂ ਤੁਸੀਂ ਮਾਈਕ੍ਰੋਫੋਨ ਦੀ ਵਰਤੋਂ ਕਰਦੇ ਹੋ। ਉਨ੍ਹਾਂ ਅੱਗੇ ਕਿਹਾ ਕਿ ਹਿੰਦੂ ਵੀ ਮੰਦਿਰਾਂ ਵਿਚ ਪੂਜਾ ਕਰਦੇ ਹਨ। ਸਾਨੂੰ ਉਸ ਵਿਚ ਪੂਰਾ ਵਿਸ਼ਵਾਸ ਹੈ। ਉਹ ਭਾਰਤ ਮਾਤਾ ਹੈ, ਜੋ ਧਰਮ ਦੀ ਰੱਖਿਆ ਕਰਦੀ ਹੈ। ਈਸ਼ਵਰੱਪਾ ਨੇ ਕਿਹਾ ਕਿ ਜਦੋਂ ਤੁਸੀਂ ਕਹਿੰਦੇ ਹੋ ਕਿ ਅੱਲ੍ਹਾ ਉਦੋਂ ਹੀ ਸੁਣਦਾ ਹੈ, ਜਦੋਂ ਤੁਸੀਂ ਮਾਈਕ੍ਰੋਫੋਨ ਨਾਲ ਪ੍ਰਾਰਥਨਾ ਕਰਦੇ ਹੋ ਤਾਂ ਮੈਨੂੰ ਇਹ ਕਹਿਣਾ ਚਾਹੀਦਾ ਹੈ ਕਿ ਕੁਝ ਗਲਤ ਹੈ, ਇਸ ਸਮੱਸਿਆ ਨੂੰ ਹੱਲ ਕਰਨਾ ਹੋਵੇਗਾ।

ਅਸਲ ਵਿਚ ਈਸ਼ਵਰੱਪਾ ਮੰਗਲੁਰੂ ਵਿਚ ਇਕ ਜਨ ਸਭਾ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਸਨੇ ਅਜ਼ਾਨ ਸੁਣਾਈ। ਇਸ ਤੋਂ ਬਾਅਦ ਉਨ੍ਹਾਂ ਨੇ ਇਹ ਟਿੱਪਣੀ ਕੀਤੀ। ਉਂਝ ਇਸ ਤੋਂ ਪਹਿਲਾਂ ਵੀ ਈਸ਼ਵਰੱਪਾ ਕਈ ਮੌਕਿਆਂ ਉਤੇ ਅਜਿਹੇ ਬਿਆਨ ਦੇ ਚੁੱਕੇ ਹਨ, ਜਿਸ ਨਾਲ ਵਿਵਾਦ ਖੜ੍ਹਾ ਹੋ ਚੁੱਕਾ ਹੈ।

ਉਸਨੇ ਕੁਝ ਦਿਨ ਪਹਿਲਾਂ ਟੀਪੂ ਸੁਲਤਾਨ ਬਾਰੇ ਵੀ ਗਲਤ ਬਿਆਨ ਦਿੱਤਾ ਸੀ। ਉਸਨੇ ਟੀਪੂ ਸੁਲਤਾਨ ਨੂੰ ਮੁਸਲਿਮ ਗੁੰਡਾ ਕਿਹਾ ਸੀ। ਕੁਝ ਮਹੀਨੇ ਪਹਿਲਾਂ ਇਕ ਠੇਕੇਦਾਰ ਨੇ ਈਸ਼ਵਰੱਪਾ ਉਤੇ ਗੰਭੀਰ ਦੋਸ਼ ਲਗਾਏ ਸਨ। ਕਥਿਤ ਤੌਰ ਉਤੇ ਠੇਕੇਦਾਰ ਨੇ ਖੁਦਕੁਸ਼ੀ ਕਰ ਲਈ ਸੀ। ਉਸਨੇ ਆਪਣੀ ਮੌਤ ਲਈ ਈਸ਼ਵਰੱਪਾ ਨੂੰ ਜ਼ਿੰਮੇਵਾਰ ਦੱਸਿਆ ਸੀ। ਇਸ ਘਟਨਾ ਤੋਂ ਬਾਅਦ ਈਸ਼ਵਰੱਪਾ ਨੂੰ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਸੀ।