ਭੋਪਾਲ। ਲੋਕ ਸਭਾ ਮੈਂਬਰ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਨੇਤਾ ਸਾਧਵੀ ਪ੍ਰਗਿਆ ਸਿੰਘ ਠਾਕੁਰ ਨੇ ਸਨਸਨੀਖੇਜ਼ ਦਾਅਵਾ ਕਰਦਿਆਂ ਕਿਹਾ ਹੈ ਕਿ ਸ਼ਰਾਬ ਦੇ ਨਾਜਾਇਜ਼ ਕਾਰੋਬਾਰ ‘ਚ ਸ਼ਾਮਲ ਆਪਣੇ ਰਿਸ਼ਤੇਦਾਰਾਂ ਨੂੰ ਪੁਲਿਸ ਹਿਰਾਸਤ ‘ਚੋਂ ਛੁਡਾਉਣ ਲਈ ਮਾਪੇ ਆਪਣੀਆਂ ਧੀਆਂ ਨੂੰ ‘ਵੇਚ’ ਰਹੇ ਹਨ।
ਪ੍ਰਗਿਆ ਠਾਕੁਰ ਦੀਆਂ ਕਥਿਤ ਟਿੱਪਣੀਆਂ ਦੀ ਇੱਕ ਵੀਡੀਓ ਸਾਹਮਣੇ ਆਉਣ ਤੋਂ ਬਾਅਦ, ਮੱਧ ਪ੍ਰਦੇਸ਼ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਕਾਂਗਰਸ ਨੇਤਾ ਗੋਵਿੰਦ ਸਿੰਘ ਨੇ ਕਿਹਾ ਕਿ ਇਹ ਹੈਰਾਨ ਕਰਨ ਵਾਲਾ ਅਤੇ ਚਿੰਤਾ ਦਾ ਵਿਸ਼ਾ ਹੈ ਕਿ ਰਾਜ ਦੀ ਰਾਜਧਾਨੀ ਵਿੱਚ ਗੈਰ-ਕਾਨੂੰਨੀ ਸ਼ਰਾਬ ਦਾ ਕਾਰੋਬਾਰ ਵਧ ਰਿਹਾ ਹੈ।
ਦਰਅਸਲ, ਪ੍ਰਗਿਆ ਠਾਕੁਰ ਨੇ 17 ਸਤੰਬਰ ਨੂੰ ਭਾਰਤੀ ਉਦਯੋਗ ਮੰਡਲ ਦੇ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਇਹ ਟਿੱਪਣੀ ਕੀਤੀ ਸੀ। ਸਮਾਗਮ ਵਿੱਚ ਉਨ੍ਹਾਂ ਨੇ ਆਪਣੇ ਵੱਲੋਂ ਗੋਦ ਲਏ ਪਿੰਡਾਂ ਅਤੇ ਪਿੰਡਾਂ ਦੇ ਬੱਚਿਆਂ ਨੂੰ ਡਰਾਇੰਗ ਦੀਆਂ ਕਿਤਾਬਾਂ ਅਤੇ ਸਟੇਸ਼ਨਰੀ ਦਾ ਸਾਮਾਨ ਦੇਣ ਲਈ ਉਦਯੋਗ ਸੰਸਥਾ ਦਾ ਧੰਨਵਾਦ ਕੀਤਾ।
ਭਾਜਪਾ ਦੀ ਸੰਸਦ ਮੈਂਬਰ ਪ੍ਰੱਗਿਆ ਸਿੰਘ ਠਾਕੁਰ ਨੇ ਕਿਹਾ ਕਿ ਮੱਧ ਪ੍ਰਦੇਸ਼ ਵਿੱਚ ਉਸ ਵੱਲੋਂ ਗੋਦ ਲਏ ਗਏ ਦੋ ਪਿੰਡਾਂ ਦੇ ਲੋਕ ਪੁਲਿਸ ਨੂੰ ਰਿਸ਼ਵਤ ਦੇਣ ਲਈ ਆਪਣੀਆਂ ਧੀਆਂ ਵੇਚਣ ਲਈ ਮਜਬੂਰ ਹਨ। ਉਨ੍ਹਾਂ ਦੇ ਭਾਸ਼ਣ ਦੀ ਵੀਡੀਓ ਵਾਇਰਲ ਹੋਣ ਮਗਰੋਂ ਕਾਂਗਰਸ ਨੇ ਭਾਜਪਾ ਦੀ ਅਗਵਾਈ ਵਾਲੀ ਸ਼ਿਵਰਾਜ ਸਿੰਘ ਚੌਹਾਨ ਸਰਕਾਰ ’ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ।
ਸੋਮਵਾਰ ਨੂੰ ਇਕ ਪ੍ਰੋਗਰਾਮ ਦੌਰਾਨ ਠਾਕੁਰ ਨੇ ਕਿਹਾ ਕਿ ਉਸ ਵੱਲੋਂ ਗੋਦ ਲਏ ਪਿੰਡਾਂ ਦੇ ਲੋਕਾਂ ਕੋਲ ਰੋਜ਼ੀ-ਰੋਟੀ ਕਮਾਉਣ ਦਾ ਕੋਈ ਸਾਧਨ ਨਹੀਂ ਹੈ। ਵਾਇਰਲ ਹੋਈ ਵੀਡੀਓ ਵਿੱਚ ਠਾਕੁਰ ਕਹਿ ਰਹੀ ਹੈ, ‘‘ਉਹ (ਪਿੰਡ ਵਾਸੀ) ਰੋਜ਼ੀ-ਰੋਟੀ ਕਮਾਉਣ ਲਈ ਦੇਸੀ ਸ਼ਰਾਬ ਬਣਾ ਕੇ ਵੇਚਦੇ ਹਨ।
ਕਈ ਵਾਰ ਪੁਲਿਸ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲੈਂਦੀ ਹੈ ਅਤੇ ਉਨ੍ਹਾਂ ਕੋਲ ਜ਼ਮਾਨਤ ਲਈ ਪੈਸੇ ਨਹੀਂ ਹੁੰਦੇ। ਉਹ ਆਪਣੇ ਲੋਕਾਂ ਦੀ ਰਿਹਾਈ ਲਈ ਪੈਸੇ ਇਕੱਠੇ ਕਰਨ ਲਈ ਚਾਰ ਤੋਂ ਛੇ ਸਾਲ ਦੀਆਂ ਬੱਚੀਆਂ ਨੂੰ ਵੇਚ ਦਿੰਦੇ ਹਨ।”