ਸਲਮਾਨ ਖਾਨ ਪਿਛਲੇ 4 ਸਾਲਾਂ ਤੋਂ ਲਾਰੇਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ‘ਤੇ ਹਨ। ਇਸ ਗਿਰੋਹ ਨੇ ਇਨ੍ਹਾਂ ਸਾਲਾਂ ਵਿੱਚ ਅਦਾਕਾਰ ਨੂੰ ਮਾਰਨ ਦੀਆਂ 6 ਕੋਸ਼ਿਸ਼ਾਂ ਕੀਤੀਆਂ। ਹੁਣ ਪੰਜਾਬ ਪੁਲਿਸ ਨੇ ਵੀਰਵਾਰ ਨੂੰ ਇਸ ਮਾਮਲੇ ਵਿੱਚ ਇੱਕ ਨਵਾਂ ਖੁਲਾਸਾ ਕੀਤਾ ਹੈ।
ਇਸ ਦੇ ਮੁਤਾਬਕ ਲਾਰੈਂਸ ਗੈਂਗ ਨੇ ਪਿਛਲੇ ਤਿੰਨ ਮਹੀਨਿਆਂ ‘ਚ ਸਲਮਾਨ ‘ਤੇ ਹਮਲੇ ਦੀਆਂ ਦੋ ਹੋਰ ਕੋਸ਼ਿਸ਼ਾਂ ਕੀਤੀਆਂ। ਗੈਂਗ ਨੇ ਸਲਮਾਨ ਨੂੰ ਉਨ੍ਹਾਂ ਦੇ ਫਾਰਮ ਹਾਊਸ ਦੇ ਰਸਤੇ ‘ਚ ਮਾਰਨ ਦੀ ਯੋਜਨਾ ਬਣਾਈ ਸੀ। ਪੁਲਿਸ ਨੇ ਦੱਸਿਆ ਕਿ ਗਾਇਕ ਸਿੱਧੂ ਮੂਸੇਵਾਲਾ ਨੂੰ ਮਾਰਨ ਤੋਂ ਪਹਿਲਾਂ ਲਾਰੇਂਸ ਨੇ ਸਲਮਾਨ ਨੂੰ ਮਾਰਨ ਦੀ ਯੋਜਨਾ ਬਣਾਈ ਸੀ। ਪਲਾਨ ਏ ਫੇਲ ਹੋਣ ਤੋਂ ਬਾਅਦ, ਲਾਰੈਂਸ ਗੈਂਗ ਨੇ ਪਲਾਨ ਬੀ ਤਿਆਰ ਕੀਤਾ। ਗੋਲਡੀ ਬਰਾੜ ਇਸ ਯੋਜਨਾ ਦੀ ਅਗਵਾਈ ਕਰ ਰਿਹਾ ਸੀ।
ਗੋਲਡੀ ਨੇ ਸਲਮਾਨ ਨੂੰ ਮਾਰਨ ਲਈ ਕਪਿਲ ਪੰਡਿਤ ਨੂੰ ਚੁਣਿਆ ਸੀ ਅਤੇ ਇਹ ਫੈਸਲਾ ਕੀਤਾ ਗਿਆ ਸੀ ਕਿ ਅਦਾਕਾਰ ਨੂੰ ਪਨਵੇਲ ਫਾਰਮ ਹਾਊਸ ਨੂੰ ਜਾਂਦੇ ਸਮੇਂ ਜਾਨਲੇਵਾ ਹਮਲਾ ਕੀਤਾ ਜਾਵੇ। ਕਪਿਲ ਪੰਡਿਤ, ਸੰਤੋਸ਼ ਜਾਧਵ, ਦੀਪਕ ਮੁੰਡੀ ਅਤੇ ਬਾਕੀ ਸ਼ੂਟਰ ਪਨਵੇਲ, ਮੁੰਬਈ ਵਿੱਚ ਕਿਰਾਏ ਦੇ ਕਮਰੇ ਵਿੱਚ ਰਹਿਣ ਲਈ ਚਲੇ ਗਏ ਸਨ। ਦਰਅਸਲ ਪੰਜਾਬ ਪੁਲਿਸ ਨੇ ਤਿੰਨ ਦਿਨ ਪਹਿਲਾਂ ਸ਼ੂਟਰ ਕਪਿਲ ਪੰਡਿਤ ਨੂੰ ਗ੍ਰਿਫਤਾਰ ਕੀਤਾ ਸੀ। ਉਸ ਨੇ ਪੁੱਛਗਿੱਛ ਦੌਰਾਨ ਸਲਮਾਨ ਦੀ ਹੱਤਿਆ ਦੀ ਸਾਜ਼ਿਸ਼ ਦਾ ਖੁਲਾਸਾ ਕੀਤਾ ਅਤੇ ਸਾਰੀ ਸਾਜ਼ਿਸ਼ ਬਾਰੇ ਦੱਸਿਆ।