ਇਸਲਾਮ ਵਿਰੁੱਧ ਇਤਰਾਜ਼ਯੋਗ ਟਿੱਪਣੀ ਕਰਨ ‘ਤੇ ਰਾਮਦੇਵ ਵਿਰੁੱਧ ਸ਼ਿਕਾਇਤ ਪੱਤਰ ਦਾਇਰ

0
410

ਬਿਹਾਰ | ਪਤੰਜਲੀ ਵਾਲੇ ਰਾਮਦੇਵ ਵੱਲੋਂ ਇਸਲਾਮ ‘ਤੇ ਕੀਤੀ ਗਈ ਕਥਿਤ ਭੜਕਾਊ ਟਿੱਪਣੀ ਵਿਰੁੱਧ ਬਿਹਾਰ ਦੇ ਮੁਜ਼ੱਫਰਪੁਰ ਦੀ ਅਦਾਲਤ ਵਿਚ ਸ਼ਨੀਵਾਰ ਨੂੰ ਸ਼ਿਕਾਇਤ ਪੱਤਰ ਦਾਇਰ ਕੀਤਾ ਗਿਆ। ਮੁਜ਼ੱਫਰਪੁਰ ਦੀ ਇਕ ਸਮਾਜਿਕ ਕਾਰਕੁੰਨ ਤਮੰਨਾ ਹਾਸ਼ਮੀ ਨੇ ਰਾਮਦੇਵ ਵਿਰੁੱਧ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਵਿਚ ਦਰਜ ਕਰਵਾਈ ਸ਼ਿਕਾਇਤ ਵਿਚ ਮੁਸਲਮਾਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਵਿਚ ਐਫ਼.ਆਈ.ਆਰ. ਦਰਜ ਕਰਨ ਦੀ ਮੰਗ ਕੀਤੀ ਹੈ।

ਉਨ੍ਹਾਂ ਕਿਹਾ ਕਿ ਰਾਜਸਥਾਨ ਦੇ ਬਾੜਮੇਰ ‘ਚ ਸਮਾਗਮ ਦੌਰਾਨ ਭੜਕਾਊ ਟਿੱਪਣੀ ਕਰਦੇ ਹੋਏ ਰਾਮਦੇਵ ਨੇ ਹਿੰਦੂ ਧਰਮ ਦੀ ਤੁਲਨਾ ਇਸਲਾਮ ਅਤੇ ਈਸਾਈ ਧਰਮ ਨਾਲ ਕਰਦੇ ਹੋਏ ਮੁਸਲਮਾਨਾਂ ‘ਤੇ ਦਹਿਸ਼ਤ ਦਾ ਸਹਾਰਾ ਲੈਣ ਅਤੇ ਹਿੰਦੂ ਔਰਤਾਂ ਨੂੰ ਅਗਵਾ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਮੁਸਲਮਾਨ ਦਿਨ ‘ਚ ਪੰਜ ਵਾਰ ਨਮਾਜ਼ ਅਦਾ ਕਰਦੇ ਹਨ ਅਤੇ ਫ਼ਿਰ ਜੋ ਚਾਹੁਣ ਉਹ ਕਰਦੇ ਹਨ।

ਹਾਸ਼ਮੀ ਨੇ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਕਿਹਾ ਕਿ ਰਾਮਦੇਵ ਵੱਲੋਂ ਮੁਸਲਮਾਨਾਂ ਅਤੇ ਇਸਲਾਮ ਵਿਰੁੱਧ ਦਿੱਤਾ ਬਿਆਨ ਇਤਰਾਜ਼ਯੋਗ ਹੈ ਅਤੇ ਇਹ ਮੁਸਲਿਮ ਭਾਈਚਾਰੇ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਹੈ।