ਜਲੰਧਰ – ਨਿਊ ਜਵਾਲਾ ਨਗਰ ਕਤਲ ਕੇਸ ਦਾ ਪਰਦਾਫਾਸ਼, ਪੁਲਿਸ ਵਲੋਂ ਪਿਤਾ-ਪੁੱਤਰ ਸਮੇਤ ਚਾਰ ਗ੍ਰਿਫ਼ਤਾਰ

0
1271

ਜਲੰਧਰ . ਸ਼ਿਵ ਨਗਰ ਵਾਸੀ ਜੋ ਕਿ ਪੇਰੌਲ ‘ਤੇ ਬਾਹਰ ਸੀ, ਦੇ ਕਤਲ ਕੇਸ ਵਿੱਚ ਜਲੰਧਰ ਪੁਲਿਸ ਨੇ ਪਿਤਾ-ਪੁੱਤਰ ਸਮੇਤ ਇਸ ਵਿੱਚ ਸ਼ਾਮਿਲ ਚਾਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਦੋਸ਼ੀਆਂ ਦੀ ਪਹਿਚਾਣ ਧਰਮਿੰਦਰ (30), ਉਸ ਦਾ ਪਿਤਾ ਉਪਿੰਦਰ (50), ਰਾਜੇਸ਼ (25) ਸ਼ੀਤਲ ਨਗਰ, ਸੂਰਜ ਦਾਸ (20) ਜਾਨਕੀ ਨਗਰ ਵਜੋਂ ਹੋਈ ਹੈ।

ਪੁਲਿਸ ਵਲੋਂ ਇਸ ਕੇਸ ਵਿੱਚ ਲਾਸ਼ ਨੂੰ ਖੁਰਦ ਬੁਰਦ ਕਰਨ ਲਈ ਵਰਤੇ ਗਏ ਟੈਂਪੂ ਪੀ.ਬੀ.08-ਸੀ.ਐਚ.-5737 ਨੂੰ ਵੀ ਬਰਾਮਦ ਕਰ ਲਿਆ ਹੈ। ਇਸ ਕੇਸ ਵਿੱਚ ਇਕ ਨਬਾਲਿਗ ਮੁਜ਼ਰਮ ਸਮੇਤ ਦੋ ਦੋਸ਼ੀ ਅਜੇ ਫਰਾਰ ਹਨ।

ਮ੍ਰਿਤਕ ਮੁਨੀਸ਼ ਕੁਮਾਰ (30) ਵਾਸੀ ਸ਼ਿਵ ਨਗਰ ਦੀ ਲਾਸ਼ ਨਿਊ ਜਵਾਲਾ ਨਗਰ ਨੰਦਨਪੁਰ ਰੋਡ ਵਿਖੇ 17 ਜੁਲਾਈ ਨੂੰ ਸੁੰਨਸਾਨ ਜਗ੍ਹਾ ‘ਤੇ ਕੰਬਲ ਵਿੱਚ ਲਪੇਟੀ ਮਿਲੀ। ਲਾਸ਼ ਦੇ ਗਲੇ ਅਤੇ ਸਿਰ ‘ਤੇ ਡੂੰਘੇ ਜਖ਼ਮ ਸਨ। ਇਸ ਸਬੰਧੀ 18 ਜੁਲਾਈ ਨੂੰ ਇਕ ਕੇਸ ਪੁਲਿਸ ਸਟੇਸ਼ਨ ਨੰਬਰ-1 ਵਿਖੇ ਧਾਰਾ 302 ਤਹਿਤ ਅਣਪਛਾਤੇ ਵਿਅਕਤੀਆਂ ਖਿਲਾਫ਼ ਪਰਚਾ ਦਰਜ ਕੀਤਾ ਗਿਆ।

ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਮੁਨੀਸ਼ ਕੁਮਾਰ ਸਾਲ 2015 ਵਿੱਚ ਇਕ ਵਿਅਕਤੀ ਦੇ ਕਤਲ ਦੇ ਕੇਸ ਜਿਸ ਦੀ ਪਤਨੀ ਨਾਲ ਉਸ ਦੇ ਸਬੰਧ ਸਨ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਸੀ ਅਤੇ ਹਾਲ ਹੀ ਵਿੱਚ ਪੇਰੌਲ ‘ਤੇ ਬਾਹਰ ਆਇਆ ਸੀ।

ਭੁੱਲਰ ਨੇ ਦੱਸਿਆ ਕਿ ਲਾਸ਼ ਬਰਾਮਦ ਹੋਣ ਤੋਂ ਬਾਅਦ ਵਧੀਕ ਡਿਪਟੀ ਕਮਿਸ਼ਨਰ ਪੁਲਿਸ-1 ਵਤਸਲਾ ਗੁਪਤਾ, ਏ.ਸੀ.ਸੀ. ਸੁਖਜਿੰਦਰ ਸਿੰਘ ਅਤੇ ਐਸ.ਐਚ.ਓ. ਰਾਜੇਸ ਕੁਮਾਰ ਵਲੋਂ ਵਿਸਥਾਰ ਨਾਲ ਛਾਣਬੀਣ ਕਰਦਿਆਂ ਇਸ ਕੇਸ ਨਾਲ ਸਬੰਧਿਤ ਚਾਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਪੁਲਿਸ ਕਮਿਸ਼ਨਰ ਨੇ ਦਸਿਆ ਕਿ ਇਸ ਕੇਸ ਦੇ ਮੁੱਖ ਦੋਸ਼ੀ ਧਰਮਿੰਦਰ ਨੇ ਪੁਲਿਸ ਨੂੰ ਦੱਸਿਆ ਕਿ ਉਹ ਅਤੇ ਉਸ ਦਾ ਪਿਤਾ ਸਥਾਨਕ ਸਬਜ਼ੀ ਮੰਡੀ ਵਿਖੇ ਅਦਰਕ ਵੇਚਣ ਦਾ ਕੰਮ ਕਰਦੇ ਸਨ ਅਤੇ ਮੁਨੀਸ਼ ਅਕਸਰ ਉਨ੍ਹਾਂ ਪਾਸੋਂ ਜਬਰਦਸਤੀ ਪੈਸੇ ਮੰਗਣ ਦੀਆਂ ਧਮਕੀਆਂ ਦਿੰਦਾ ਸੀ।

ਉਸ ਨੇ ਦੱਸਿਅ ਕਿ 17 ਜੁਲਾਈ ਨੂੰ ਮੁਨੀਸ਼ ਨੇ ਉਸ ਨੂੰ ਫੋਨ ਕਰਕੇ ਕੁਝ ਪੈਸਿਆਂ ਦਾ ਪ੍ਰਬੰਧ ਕਰਨ ਲਈ ਕਿਹਾ ਨਹੀਂ ਤਾਂ ਉਹ ਉਸ ਨੂੰ ਜਾਨ ਤੋਂ ਮਾਰ ਦੇਵੇਗਾ। ਇਸ ਉਪਰੰਤ ਉਸ ਨੇ ਆਪਣੇ ਸਾਥੀਆਂ ਰਾਜੇਸ, ਸੂਰਜ, ਬਲਬੀਰ ਅਤੇ ਨਬਾਲਿਗ ਤੇ ਅਪਣੇ ਪਿਤਾ ਸਮੇਤ ਮੁਨੀਸ਼ ਨੂੰ ਸਬਜ਼ੀ ਮੰਡੀ ਨਾਗਰਾ ਨੇੜੇ ਕਿਰਾਏ ‘ਤੇ ਲਏ ਗਏ ਗੋਦਾਮ ‘ਤੇ ਫੋਨ ਕਰਕੇ ਬੁਲਾਇਆ ਅਤੇ ਇਸ ਉਪਰੰਤ ਤੇਜ਼ਧਾਰ ਹਥਿਆਰਾਂ ਨਾਲ ਉਸ ਦਾ ਕਤਲ ਕਰ ਦਿੱਤਾ। ਧਰਮਿੰਦਰ ਨੇ ਪੁਲਿਸ ਨੂੰ ਮੁੱਢਲੀ ਪੁਛਗਿੱਛ ਵਿੱਚ ਇਹ ਵੀ ਦੱਸਿਆ ਕਿ ਨਿਊ ਜਵਾਲਾ ਨਗਰ ਵਿਖੇ ਲਾਸ਼ ਨੂੰ ਸੁੱਟ ਕੇ ਉਹ ਫ਼ਗਵਾੜਾ ਚਲੇ ਗਏ।

ਭੁੱਲਰ ਨੇ ਦੱਸਿਆ ਕਿ ਸੂਰਜ ਦਾਸ ਟੈਂਪੂ ਡਰਾਇਵਰ ਸੀ ਅਤੇ ਰਾਜੇਸ਼ ਵੀ ਮੰਡੀ ਵਿੱਚ ਅਦਰਕ ਵੇਚਦਾ ਸੀ। ਉਨ੍ਹਾਂ ਦੱਸਿਆ ਕਿ ਦੋ ਹੋਰ ਦੋਸ਼ੀਆਂ ਜਿਸ ਵਿੱਚ ਬਲਬੀਰ ਅਤੇ ਨਬਾਲਿਗ ਵੀ ਸ਼ਾਮਿਲ ਹੈ ਪੁਲਿਸ ਵਲੋਂ ਜਲਦ ਗ੍ਰਿਫ਼ਤਾਰ ਕਰ ਲਏ ਜਾਣਗੇ।

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਦੋਸ਼ੀਆਂ ਨੂੰ ਸਥਾਨਿਕ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਹੋਰ ਪੁਛਗਿੱਝ ਅਤੇ ਇਸ ਜੁਰਮ ਵਿੱਚ ਵਰਤੇ ਹਥਿਆਰਾਂ ਦੀ ਬਰਾਮਦਗੀ ਲਈ ਰਿਮਾਂਡ ‘ਤੇ ਲਿਆ ਜਾਵੇਗਾ।