ਕਾਮੇਡੀਅਨ ਕਾਕੇ ਸ਼ਾਹ ਠੱਗੀ ਮਾਰ ਕੇ ਵਿਦੇਸ਼ ਭੱਜਿਆ : ਜਲੰਧਰ ਸੀਪੀ ਦਫ਼ਤਰ ਦੇ ਬਾਹਰ ਬੈਠੇ ਪੀੜਤ, ਕਿਹਾ- ਪੁਲਿਸ ਨਹੀਂ ਕਰ ਰਹੀ ਕਾਰਵਾਈ

0
431

ਜਲੰਧਰ। ਮਸ਼ਹੂਰ ਕਾਮੇਡੀਅਨ ਕਾਕੇ ਸ਼ਾਹ ਲੋਕਾਂ ਨਾਲ ਠੱਗੀ ਮਾਰ ਕੇ ਵਿਦੇਸ਼ ਭੱਜ ਗਿਆ ਹੈ। ਇਸ ਕਾਮੇਡੀਅਨ ਖ਼ਿਲਾਫ਼ ਅੱਜ ਪੁਲੀਸ ਕਮਿਸ਼ਨਰ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ। ਲੋਕਾਂ ਦਾ ਕਹਿਣਾ ਹੈ ਕਿ ਕਾਕੇ ਸ਼ਾਹ ਨੇ ਉਨ੍ਹਾਂ ਨੂੰ ਵਿਦੇਸ਼ ਭੇਜਣ ਦੇ ਨਾਂ ‘ਤੇ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ। ਉਸ ਖ਼ਿਲਾਫ਼ ਥਾਣਾ ਡਵੀਜ਼ਨ ਨੰਬਰ ਤਿੰਨ ਵਿੱਚ ਕੇਸ ਵੀ ਦਰਜ ਕੀਤਾ ਗਿਆ ਸੀ ਪਰ ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ।

ਪੁਲਿਸ ਦੀ ਕਾਰਵਾਈ ਉਤੇ ਚੁੱਕੇ ਸਵਾਲ

ਕਾਕੇ ਸ਼ਾਹ ਦੇ ਵਿਦੇਸ਼ ਭੱਜਣ ਤੋਂ ਬਾਅਦ ਅੱਜ ਸੀਪੀ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਦਿਆਂ ਪੀੜਤਾਂ ਨੇ ਪੁਲਿਸ ਦੀ ਕਾਰਵਾਈ ’ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਕਾਕੇ ਸ਼ਾਹ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਸੀ ਪਰ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ। ਪੀੜਤਾਂ ਨੇ ਦੱਸਿਆ ਕਿ ਉਨ੍ਹਾਂ ਨੇ ਪੁਲਿਸ ਨੂੰ ਵਾਰ-ਵਾਰ ਕਿਹਾ ਕਿ ਕਾਕੇ ਸ਼ਾਹ ਵਿਦੇਸ਼ ਭੱਜ ਜਾਵੇਗਾ, ਉਸ ਨੂੰ ਗ੍ਰਿਫ਼ਤਾਰ ਕਰ ਲਵੋ। ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ।

ਪੀੜਤ ਨੇ ਦੱਸਿਆ ਕਿ ਕਾਕੇ ਸ਼ਾਹ ਨੇ ਉਸ ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ ਛੇ ਲੱਖ ਰੁਪਏ ਲਏ ਸਨ। ਕਾਕੇ ਸ਼ਾਹ ਦਾ ਭਰਾ ਪੈਸੇ ਲੈਣ ਉਸ ਦੇ ਘਰ ਆਇਆ। ਕਾਕੇ ਸ਼ਾਹ ਦੇ ਭਰਾ ਦਾ ਨਾਂ ਵੀ ਐਫਆਈਆਰ ਵਿੱਚ ਦਰਜ ਕੀਤਾ ਗਿਆ ਸੀ ਪਰ ਕਾਕੇ ਸ਼ਾਹ ਨੇ ਸਿਆਸੀ ਦਬਾਅ ਬਣਾ ਕੇ ਆਪਣੇ ਭਰਾ ਦਾ ਨਾਂ ਐਫਆਈਆਰ ਵਿੱਚੋਂ ਹਟਾ ਦਿੱਤਾ।