ਪਹਾੜਾਂ ’ਚ ਬਰਫ਼ਬਾਰੀ ਨਾਲ ਪੰਜਾਬ ’ਚ ਵਧੇਗੀ ਠੰਡ; ਮੀਂਹ ਨਾਲ ਮੌਸਮ ਹੋਇਆ ਸੁਹਾਵਣਾ

0
2618

ਨਵੀਂ ਦਿੱਲੀ, 15 ਅਕਤੂਬਰ | ਭਾਰਤੀ ਮੌਸਮ ਵਿਭਾਗ (ਆਈ.ਐਮ.ਡੀ.) ਨੇ ਜੰਮੂ-ਕਸ਼ਮੀਰ, ਲੱਦਾਖ ਅਤੇ ਹਿਮਾਚਲ ਪ੍ਰਦੇਸ਼ ਲਈ ਅਗਲੇ 2 ਦਿਨਾਂ ਤੋਂ ਕੁਝ ਖੇਤਰਾਂ ਵਿਚ ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ ‘ਆਰੇਂਜ’ ਅਲਰਟ ਜਾਰੀ ਕੀਤਾ ਹੈ। ਤਿੰਨ ਦਿਨਾਂ ਤਕ ਭਾਰੀ ਮੀਂਹ ਅਤੇ ਬਰਫ਼ਬਾਰੀ ਦੀ ਚਿਤਾਵਨੀ ਦਿੱਤੀ ਗਈ ਹੈ। ਮੌਸਮ ਵਿਭਾਗ ਅਨੁਸਾਰ, ਇਹ ਮੌਸਮ ਦੀ ਪਹਿਲੀ ਤੇਜ਼ ਪਛਮੀ ਗੜਬੜ ਹੈ ਅਤੇ ਇਸ ਦਾ ਅਸਰ ਉੱਤਰ-ਪਛਮੀ ਅਤੇ ਮੱਧ ਭਾਰਤ ’ਚ 17 ਅਕਤੂਬਰ ਤਕ ਵਿਖਾਈ ਦੇਵੇਗਾ।

ਬੀਤੀ ਰਾਤ ਤੋਂ ਪੈ ਰਹੇ ਮੀਂਹ ਨੇ ਪੰਜਾਬ ਦੇ ਮੌਸਮ ਵਿਚ ਇਕਦਮ ਬਦਲਾਅ ਲਿਆਂਦਾ ਹੈ। ਤਾਪਮਾਨ ਵਿਚ ਕਾਫੀ ਕਮੀ ਦੇਖੀ ਗਈ। ਅੱਜ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਸਵੇਰ ਤੋਂ ਮੀਂਹ ਪੈ ਰਿਹਾ ਹੈ, ਜਿਸ ਨਾਲ ਠੰਡ ਮਹਿਸੂਸ ਹੋਣ ਲੱਗੀ ਹੈ।

ਮੌਸਮ ਵਿਭਾਗ ਨੇ ਕਿਹਾ ਕਿ ਪੱਛਮੀ ਗੜਬੜੀ ਕਾਰਨ ਅਗਲੇ 2 ਦਿਨਾਂ ਵਿਚ ਦੇਸ਼ ਦੇ ਉੱਤਰ-ਪੱਛਮੀ ਅਤੇ ਮੱਧ ਖੇਤਰਾਂ ਵਿਚ ਮੀਂਹ ਪੈਣ ਦੀ ਸੰਭਾਵਨਾ ਹੈ। ਆਈਐਮਡੀ ਨੇ ਕਿਹਾ ਕਿ ਇਹ ਇਸ ਸੀਜ਼ਨ ਦੀ ਪਹਿਲੀ ਪੱਛਮੀ ਗੜਬੜ ਹੈ ਅਤੇ ਇਸ ਕਾਰਨ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਿਚ ਭਾਰੀ ਮੀਂਹ ਅਤੇ ਬਰਫ਼ਬਾਰੀ ਹੋਵੇਗੀ। ਸੋਮਵਾਰ ਨੂੰ ਪੰਜਾਬ, ਹਰਿਆਣਾ, ਦਿੱਲੀ ਸਣੇ ਉਤਰਾਖੰਡ ਵਿਚ ਮੀਂਹ ਪੈਣ ਦੀ ਸੰਭਾਵਨਾ ਹੈ।ਦੂਜੇ ਪਾਸੇ ਪੰਜਾਬ ਅੰਦਰ ਬੇਮੌਸਮੀ ਮੀਂਹ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ।