ਪੰਜਾਬ ਦੇ 11 ਜ਼ਿਲਿਆਂ ‘ਚ ਸੀਤ ਲਹਿਰ ਦਾ ਅਲਰਟ, ਕਈ ਇਲਾਕਿਆਂ ‘ਚ ਪਵੇਗਾ ਮੀਂਹ

0
64

ਚੰਡੀਗੜ੍ਹ, 13 ਜਨਵਰੀ | ਪੰਜਾਬ-ਚੰਡੀਗੜ੍ਹ ‘ਚ ਧੁੰਦ ਨੂੰ ਲੈ ਕੇ ਅੱਜ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇੱਥੇ ਵਿਜ਼ੀਬਿਲਟੀ 50 ਮੀਟਰ ਤੋਂ ਘੱਟ ਰਹਿਣ ਦੀ ਉਮੀਦ ਹੈ। ਠੰਡ ਵਧਣ ਦਾ ਵੀ ਖਦਸ਼ਾ ਹੈ। ਮੌਸਮ ਕੇਂਦਰ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਦੇ ਆਲੇ-ਦੁਆਲੇ ਸਰਗਰਮ ਦੋ ਪੱਛਮੀ ਗੜਬੜੀ ਕਾਰਨ ਕਈ ਇਲਾਕਿਆਂ ‘ਚ ਮੀਂਹ ਪਿਆ।

ਇਸ ਦੇ ਨਾਲ ਹੀ ਹੁਣ ਦੋ ਦਿਨਾਂ ਬਾਅਦ ਇੱਕ ਨਵਾਂ ਪੱਛਮੀ ਗੜਬੜ ਸਰਗਰਮ ਹੋ ਰਿਹਾ ਹੈ। ਮੌਸਮ ਵਿਭਾਗ ਨੇ ਅੱਜ ਪੰਜਾਬ ਦੇ 11 ਜ਼ਿਲ੍ਹਿਆਂ ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਪਟਿਆਲਾ ਅਤੇ ਮਲੇਰਕੋਟਲਾ ਵਿਚ ਸੰਘਣੀ ਧੁੰਦ ਅਤੇ ਸੀਤ ਲਹਿਰ ਨੂੰ ਲੈ ਕੇ ਆਰੇਂਜ ਅਲਰਟ ਜਾਰੀ ਕੀਤਾ ਹੈ, ਜਦਕਿ ਐਸਏਐਸ ਨਗਰ, ਰੂਪਨਗਰ, ਫਤਿਹਗੜ੍ਹ ਸਾਹਿਬ, ਮੁਕਤਸਰ, ਫਰੀਦਕੋਟ, ਫਾਜ਼ਿਲਕਾ, ਫ਼ਿਰੋਜ਼ਪੁਰ, ਨਵਾਂਸ਼ਹਿਰ, ਹੁਸ਼ਿਆਰਪੁਰ, ਗੁਰਦਾਸਪੁਰ ਅਤੇ ਪਠਾਨਕੋਟ ਵਿਚ ਸੰਘਣੀ ਧੁੰਦ ਦਾ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸੰਘਣੀ ਧੁੰਦ ਨੂੰ ਲੈ ਕੇ ਚੰਡੀਗੜ੍ਹ ‘ਚ ਵੀ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

ਐਤਵਾਰ ਦੀ ਗੱਲ ਕਰੀਏ ਤਾਂ ਪੰਜਾਬ ਦਾ ਗੁਰਦਾਸਪੁਰ ਸੂਬੇ ਦਾ ਸਭ ਤੋਂ ਠੰਡਾ ਸ਼ਹਿਰ ਰਿਹਾ। ਇੱਥੇ ਘੱਟੋ-ਘੱਟ ਤਾਪਮਾਨ 5 ਡਿਗਰੀ ਦਰਜ ਕੀਤਾ ਗਿਆ, ਜਦਕਿ ਫਾਜ਼ਿਲਕਾ ਵਿਚ ਵੱਧ ਤੋਂ ਵੱਧ ਤਾਪਮਾਨ 19.6 ਡਿਗਰੀ ਦਰਜ ਕੀਤਾ ਗਿਆ। ਚੰਡੀਗੜ੍ਹ ਵਿਚ ਵੱਧ ਤੋਂ ਵੱਧ ਤਾਪਮਾਨ 18.4 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 11 ਡਿਗਰੀ ਦਰਜ ਕੀਤਾ ਗਿਆ। ਉਥੇ ਹੀ ਐਤਵਾਰ ਸਵੇਰੇ ਵੀ ਇੱਥੇ 5.5 ਮਿਲੀਮੀਟਰ ਬਾਰਿਸ਼ ਹੋਈ।

ਐਤਵਾਰ ਸਵੇਰੇ 8.30 ਵਜੇ ਤੋਂ ਬਾਅਦ ਪਟਿਆਲਾ ‘ਚ 5 ਮਿਲੀਮੀਟਰ, ਫਤਿਹਗੜ੍ਹ ਸਾਹਿਬ ‘ਚ 11 ਮਿਲੀਮੀਟਰ, ਮੋਹਾਲੀ ‘ਚ 4 ਮਿਲੀਮੀਟਰ, ਰੋਪੜ ‘ਚ 1 ਮਿਲੀਮੀਟਰ ਅਤੇ ਸੰਗਰੂਰ, ਰੂਪਨਗਰ, ਹੁਸ਼ਿਆਰਪੁਰ, ਬਰਨਾਲਾ ‘ਚ 0.5 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ।

ਪੰਜਾਬ ਵਿਚ 13 ਅਤੇ 14 ਜਨਵਰੀ ਨੂੰ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। 14 ਜਨਵਰੀ ਦੀ ਰਾਤ ਤੋਂ ਇੱਕ ਨਵਾਂ ਪੱਛਮੀ ਗੜਬੜ ਸਰਗਰਮ ਹੋ ਰਿਹਾ ਹੈ, ਜਿਸ ਕਾਰਨ 15 ਅਤੇ 16 ਜਨਵਰੀ ਨੂੰ ਪੰਜਾਬ ਦੇ ਮੈਦਾਨੀ ਇਲਾਕਿਆਂ ‘ਚ ਬਾਰਿਸ਼ ਦੇਖਣ ਨੂੰ ਮਿਲੇਗੀ, ਜਿਸ ਕਾਰਨ ਇੱਕ ਵਾਰ ਫਿਰ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਜਾ ਸਕਦੀ ਹੈ।