ਜਲੰਧਰ, 09 ਸਤੰਬਰ | ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨੀਵਾਰ ਨੂੰ ਜਲੰਧਰ ਪੀਏਪੀ ਵਿਚ ਪੁਲਿਸ ਵਿਭਾਗ ਵਿਚ ਚੁਣੇ ਗਏ 560 ਸਬ-ਇੰਸਪੈਕਟਰ ਰੈਂਕ ਦੇ ਅਧਿਕਾਰੀਆਂ ਨੂੰ ਨਿਯੁਕਤੀ ਪੱਤਰ ਵੰਡੇ, ਜਿਸ ਦੌਰਾਨ ਉਨ੍ਹਾਂ ਨੇ ਆਪਣੀ ਸਰਕਾਰ ਦੁਆਰਾ ਕੀਤੇ ਕੰਮਾਂ ਨੂੰ ਗਿਣਾਇਆ ਤੇ ਵਿਰੋਧੀਆਂ ‘ਤੇ ਨਿਸ਼ਾਨੇ ਵੀ ਸਾਧੇ।
ਉਨ੍ਹਾਂ ਕਿਹਾ ਕਿ ਮੈਨੂੰ ਕੁੱਝ ਲੋਕਾਂ ਦੇ ਮੈਸੇਜ ਆਏ, ਜਿਸ ਵਿਚ ਲਿਖਿਆ ਸੀ ਕਿ ਕੁਝ ਲੋਕ ਕਹਿ ਰਹੇ ਹਨ ਕਿ ਭਗਵੰਤ ਮਾਨ ਹਰਿਆਣਾ ਦੇ ਨੌਜਵਾਨਾਂ ਨੂੰ ਭਰਤੀ ਕਰਕੇ ਪੰਜਾਬ ਤੇ ਪੰਜਾਬੀਆਂ ਨਾਲ ਗੱਦਾਰੀ ਕਰ ਰਿਹਾ ਹੈ ਪਰ ਮੈਂ ਦੱਸ ਦੇਣਾ ਚਾਹੁੰਦਾ ਹਾਂ ਕਿ ਜਿਹੜੇ ਪੰਜਾਬ ਪੁਲਿਸ ਵਿਚ ਅੱਜ ਭਰਤੀ ਹੋ ਰਹੇ ਨੇ 95 ਫੀਸਦੀ ਪੰਜਾਬੀ ਹਨ ਤੇ ਬਾਕੀ ਵੀ ਢਾਈ-3 ਫ਼ੀਸਦੀ ਪੰਜਾਬ ਵਿਚ ਹੀ ਰਹਿੰਦੇ ਹਨ।
ਇਹ ਦਿਖਾਉਣ ਲਈ ਮੈਨੂੰ ਕਿਸੇ ਵੀ ਐਰੇ ਗੈਰੇ ਨੱਥੂ ਖੈਰੇ ਤੋਂ NOC ਲੈਣ ਦੀ ਲੋੜ ਨਹੀਂ ਹੈ। ਮੇਰੇ ਸੁਪਨਿਆਂ ਵਿਚ ਪੰਜਾਬ ਵੱਸਦਾ ਹੈ ਤੇ ਪੰਜਾਬ ਨੂੰ ਨੰਬਰ 1 ਬਣਾਉਣ ਦਾ ਸੁਪਨਾ ਮੈਨੂੰ ਸੌਣ ਨਹੀਂ ਦਿੰਦਾ। ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀਆਂ ‘ਤੇ ਵੀ ਤੰਜ ਕੱਸਿਆ। ਉਨ੍ਹਾਂ ਨੇ ਪੰਜਾਬੀ ਭਾਸ਼ਾ ਨੂੰ ਲੈ ਕੇ ਰਾਜਾ ਵੜਿੰਗ ਤੇ ਬਿਕਰਮ ਮਜੀਠੀਆ ਨੂੰ ਚੈਲੰਜ ਕੀਤਾ ਤੇ ਕਿਹਾ ਕਿ ਰਾਜਾ ਵੜਿੰਗ, ਬਿਕਰਮ ਮਜੀਠੀਆ ਅਤੇ 1-2 ਹੋਰ ਨੇ, ਸ਼ਰਤ ਲਗਾ ਕੇ ਮਹੀਨੇ ਦਾ ਸਮਾਂ ਦਿੰਦੇ ਹਾਂ, ਪੰਜਾਬੀ ਦਾ ਪੇਪਰ 45 ਫੀਸਦੀ ਲੈ ਕੇ ਕਲੀਅਰ ਕਰ ਲੈਣ ਅਸੀਂ ਮੰਨ ਜਾਵਾਂਗੇ ਪਰ ਸਾਨੂੰ ਪੰਜਾਬ ਨਾਲ ਵਫ਼ਾਦਾਰੀ ਕਿਵੇਂ ਕਰਨੀ ਹੈ ਇਹ ਨਾ ਸਿਖਾਉਣ।
ਮੁੱਖ ਮੰਤਰੀ ਭਗਵੰਤ ਮਾਨ ਨੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ‘ਤੇ ਵੀ ਤੰਜ ਕੱਸਿਆ ਤੇ ਕਿਹਾ ਕਿ ਉਹ ਖ਼ੁਦ ਖਾ਼ਲੀ ਖ਼ਜ਼ਾਨੇ ਵਾਲੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਪੰਜਾਬੀ ਦਾ ਅਖ਼ਬਾਰ ਪੜ੍ਹ ਕੇ ਸੁਣਾਉਂਦੇ ਰਹੇ ਹਨ ਕਿਉਂਕਿ ਦੂਨ ਜਾਂ ਪਹਾੜ ਦੇ ਸਕੂਲਾਂ ਵਿਚ ਪੰਜਾਬੀ ਵਿਸ਼ਾ ਨਹੀਂ ਹੈ। ਘੱਟ ਗਿਆਨ ਖ਼ਤਰਨਾਕ ਹੁੰਦਾ ਹੈ। ਇਹ ਉਹ ਲੋਕ ਹਨ ਜੋ ਸਵੇਰੇ ਉੱਠਦੇ ਹੀ ਗਲਤੀਆਂ ਲੱਭਣ ਲੱਗ ਪੈਂਦੇ ਹਨ।
ਇਸ ਦੌਰਾਨ ਉਨ੍ਹਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਬੇਟੀ ਜੈ ਇੰਦਰ ਕੌਰ ਦੀ ਕਹਾਣੀ ਸੁਣਾਉਂਦੇ ਹੋਏ ਵੀ ਵਿਅੰਗ ਕੱਸਿਆ। ਉਨ੍ਹਾਂ ਦੱਸਿਆ ਕਿ ਪਟਿਆਲਾ ਵਿਚ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਜੈ ਇੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਨੇ ਪਟਿਆਲਾ ’ਤੇ 144 ਕਰੋੜ ਰੁਪਏ ਖਰਚ ਕੀਤੇ ਹਨ ਕਿਉਂਕਿ ਉਨ੍ਹਾਂ ਨੂੰ 100 ਤਾਂ ਕਹਿਣਾ ਆਉਂਦਾ ਸੀ ਪਰ ਚੁਤਾਲੀ ਨਹੀਂ ਕਹਿਣਾ ਆਉਂਦਾ ਸੀ।