ਚੰਡੀਗੜ੍ਹ, 9 ਜਨਵਰੀ | ਕੇਂਦਰ ਸਰਕਾਰ ਵੱਲੋਂ 26 ਜਨਵਰੀ ਦੀ ਝਾਂਕੀ ਨੂੰ ਰੱਦ ਕਰਨ ‘ਤੇ CM ਮਾਨ ਨੇ ਕਿਹਾ ਕਿ ਸ਼ਹੀਦਾਂ ਦੀਆਂ ਝਾਂਕੀਆਂ ਨੂੰ ਰਿਜੈਕਟ ਕਰਨ ਵਾਲੇ ਇਹ ਕੌਣ ਹਨ? 26 ਜਨਵਰੀ ਤੋਂ ਬਾਅਦ ਉਹ ਪੰਜਾਬ ਦੀ ਤਿਆਰ ਕੀਤੀ ਝਾਂਕੀ ਨੂੰ ਹਰ ਪਿੰਡ ਵਿਚ ਲੈ ਕੇ ਜਾਣਗੇ ਅਤੇ ਪੁੱਛਣਗੇ ਕਿ ਇਸ ਵਿਚ ਗਲਤ ਕੀ ਹੈ।
ਸੀਐਮ ਮਾਨ ਨੇ ਕਿਹਾ – ਦੇਸ਼ ਦੀ ਆਜ਼ਾਦੀ ਵਿਚ ਪੰਜਾਬੀਆਂ ਦਾ 90 ਫੀਸਦੀ ਯੋਗਦਾਨ ਰਿਹਾ ਹੈ। ਸਾਡੇ ਬਿਨਾਂ ਉਹ ਸ਼ਹੀਦੀ ਦਿਵਸ ਕਿਵੇਂ ਮਨਾ ਸਕਦੇ ਹਨ? ਸਾਡੀ ਝਾਂਕੀ ਨੂੰ ਰਿਜੈਕਟ ਕਰ ਦਿੱਤਾ ਗਿਆ। ਪਹਿਲੀ ਝਾਂਕੀ ਵਿਚ ਭਗਤ ਸਿੰਘ, ਸੁਖਦੇਵ ਗੁਰੂ, ਲਾਲਾ ਲਾਜਪਤ ਰਾਏ ਅਤੇ ਸ਼ਹੀਦਾਂ ਨੂੰ ਦਿਖਾਇਆ ਗਿਆ ਸੀ। ਦੂਜੀ ਝਾਂਕੀ ਪਹਿਲੀ ਸਿੱਖ ਯੋਧਾ ਔਰਤ ਮਾਈ ਭਾਗੋ ਬਾਰੇ ਸੀ। ਮੋਹਾਲੀ ਵਿਚ ਚੱਲ ਰਿਹਾ ਮਹਿਲਾ ਫੌਜ ਸਿਖਲਾਈ ਕੇਂਦਰ ਉਨ੍ਹਾਂ ਦੇ ਨਾਂ ’ਤੇ ਚੱਲਦਾ ਦਿਖਾਇਆ ਗਿਆ। ਪੰਜਾਬ ਦਾ ਸੱਭਿਆਚਾਰ ਦਿਖਾਇਆ ਪਰ ਇਸ ਨੂੰ ਰਿਜੈਕਟ ਕਰ ਦਿੱਤਾ ਗਿਆ ਪਰ ਅਸੀਂ ਨਹੀਂ ਰੁਕਾਂਗੇ।
ਸੀਐਮ ਭਗਵੰਤ ਮਾਨ ਨੇ 1 ਜਨਵਰੀ ਨੂੰ ਖਰੀਦੇ ਗਏ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦੇ ਵਿਰੋਧ ਦਾ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ 2 ਹੋਰ ਪ੍ਰਾਈਵੇਟ ਪਲਾਂਟ ਵੀ ਖਰੀਦਣ ਲਈ ਤਿਆਰ ਹਨ। ਪਹਿਲੀ ਜਨਵਰੀ ਤੋਂ ਓਹੀ ਥਰਮਲ ਪਲਾਂਟ ਜਿਸ ਤੋਂ ਉਨ੍ਹਾਂ ਨੂੰ 7.05 ਰੁਪਏ ਵਿਚ ਬਿਜਲੀ ਮਿਲ ਰਹੀ ਸੀ, ਉਹ 4.5 ਰੁਪਏ ਵਿਚ ਬਿਜਲੀ ਪੈਦਾ ਕਰ ਰਿਹਾ ਹੈ।
ਜ਼ਿਕਰਯੋਗ ਹੈ ਕਿ ਅੱਜ ਸੀ.ਐਮ. ਭਗਵੰਤ ਮਾਨ ਚੰਡੀਗੜ੍ਹ ਦੇ ਸੈਕਟਰ-18 ਸਥਿਤ ਟੈਗੋਰ ਥੀਏਟਰ ਵਿਚ ਸਹਿਕਾਰਤਾ ਵਿਭਾਗ ਵਿਚ ਨਿਯੁਕਤ ਕੀਤੇ ਜਾਣ ਵਾਲੇ 520 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦੇਣ ਪੁੱਜੇ ਸਨ। CM ਮਾਨ ਨੇ ਕਿਹਾ ਕਿ ਪੰਜਾਬ ਹਮੇਸ਼ਾ ਹੀ ਘਾਟੇ ਵਿਚ ਵਿਭਾਗ ਵੇਚਦਾ ਰਿਹਾ ਹੈ ਪਰ ਪੰਜਾਬ ਦੀ ‘ਆਪ’ ਸਰਕਾਰ ਨੇ ਗੰਗਾ ਨੂੰ ਉਲਟਾ ਕਰ ਦਿੱਤਾ ਹੈ।
ਪੰਜਾਬ ਸਰਕਾਰ ਨੇ ਘਾਟੇ ਵਿਚ ਚੱਲ ਰਿਹਾ ਪ੍ਰਾਈਵੇਟ ਥਰਮਲ ਪਲਾਂਟ ਖਰੀਦ ਲਿਆ ਹੈ, ਜਿਸ ਦਾ ਵਿਰੋਧ ਹੋ ਰਿਹਾ ਹੈ। ਸੀਐਮ ਮਾਨ ਨੇ ਕਿਹਾ ਕਿ 2015 ਤੋਂ ਬੰਦ ਪਈ ਝਾਰਖੰਡ ਕੋਲੇ ਦੀ ਖਾਣ ਨੂੰ ‘ਆਪ’ ਸਰਕਾਰ ਨੇ ਖੋਲ੍ਹਿਆ ਸੀ। ਜਿਥੋਂ ਇੰਨਾ ਕੋਲਾ ਨਿਕਲਦਾ ਹੈ ਕਿ ਸਾਨੂੰ ਕਈ ਵਾਰ ਮਾਈਨਿੰਗ ਬੰਦ ਕਰਨੀ ਪਈ।
ਪੰਜਾਬ ਵਿਚ 5 ਥਰਮਲ ਪਲਾਂਟਾਂ ਵਿਚੋਂ ਸਿਰਫ਼ 2 ਹੀ ਸਰਕਾਰੀ ਸਨ। ਤੀਸਰਾ ਪੰਜਾਬ ਸਰਕਾਰ ਨੇ ਖਰੀਦ ਲਿਆ ਹੈ ਤਾਂ ਜੋ ਇਸ ਵਿਚ ਝਾਰਖੰਡ ਤੋਂ ਆਉਣ ਵਾਲਾ ਕੋਲਾ ਵਰਤਿਆ ਜਾ ਸਕੇ। ਇਸ ਨਾਲ ਲੋਕਾਂ ਨੂੰ ਸਸਤੀ ਬਿਜਲੀ ਮਿਲ ਸਕੇਗੀ। ਅਸੀਂ ਅਗਲੇ ਦੋ ਹੋਰ ਥਰਮਲ ਪਲਾਂਟ ਵੀ ਖਰੀਦਣਾ ਚਾਹੁੰਦੇ ਹਾਂ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਦਾ ਦਾਅਵਾ ਹੈ ਕਿ ਆਪਣੇ ਕਾਰਜਕਾਲ ਦੌਰਾਨ ਹੁਣ ਤੱਕ 40 ਹਜ਼ਾਰ ਅਸਾਮੀਆਂ ‘ਤੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਦੇ ਕਾਰਜਕਾਲ ਦੌਰਾਨ ਹੋਈ ਕਿਸੇ ਵੀ ਭਰਤੀ ਵਿਚ ਕੋਈ ਖਾਮੀ ਸਾਹਮਣੇ ਨਹੀਂ ਆਈ।