CM ਮਾਨ ਦਾ ਵੱਡਾ ਐਲਾਨ : ਨੌਜਵਾਨਾਂ ਨੂੰ 2-3 ਹਜ਼ਾਰ ਬੱਸਾਂ ਸਪਾਂਸਰ ਕਰਾਂਗੇ ਬਿਨਾਂ ਵਿਆਜ

0
967

ਪਟਿਆਲਾ, 2 ਸਤੰਬਰ | ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਥੇ ਸੂਬਾ ਪੱਧਰੀ ਸਮਾਰੋਹ ‘ਚ ਸ਼ਿਰਕਤ ਕੀਤੀ ਗਈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਮੌਜੂਦ ਰਹੇ। ਸਮਾਰੋਹ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅੱਜ ਇਤਿਹਾਸਕ ਦਿਨ ਹੈ ਕਿਉਂਕਿ ਅੱਜ ਤੋਂ ਪੰਜਾਬ ‘ਚ ਸਿਹਤ ਕ੍ਰਾਂਤੀ ਸ਼ੁਰੂ ਹੋ ਰਹੀ ਹੈ। ਪੰਜਾਬ ਦੇ ਨੌਜਵਾਨਾਂ ਲਈ ਵੱਡਾ ਐਲਾਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਬਹੁਤ ਸ਼ਾਨਦਾਰ ਬੱਸਾਂ ਆਫਰ ਕਰਾਂਗੇ। ਨੌਜਵਾਨਾਂ ਨੂੰ 2000-3000 ਬੱਸਾਂ ਸਪਾਂਸਰ ਕੀਤੀਆਂ ਜਾਣਗੀਆਂ। 4-4 ਮੁੰਡੇ ਮਿਲ ਕੇ ਇਕ ਬੱਸ ਲੈ ਸਕਣਗੇ ਅਤੇ ਅਸੀਂ ਕੋਈ ਵਿਆਜ ਵੀ ਨਹੀਂ ਮੰਗਦੇ।

CM ਮਾਨ ਨੇ ਕਿਹਾ ਕਿ ਜਦੋਂ ਨੌਜਵਾਨਾਂ ਦਾ ਕੰਮਕਾਰ ਚੱਲ ਪਵੇ ਤਾਂ ਉਹ ਉਸ ਸਮੇਂ ਬੱਸਾਂ ਦੇ ਪੈਸੇ ਵਾਪਸ ਕਰ ਦੇਣ ਅਤੇ ਬੱਸਾਂ ਆਪਣੇ ਨਾਂ ਕਰਵਾ ਲੈਣ। ਉਨ੍ਹਾਂ ਕਿਹਾ ਕਿ ਹੁਣ ਉਹ ਸਮਾਂ ਲੰਘ ਗਿਆ ਕਿ ਮੁੱਖ ਮੰਤਰੀ ਬਣ ਕੇ ਮਹਿਲਾਂ ਦੇ ਦਰਵਾਜ਼ੇ ਅੰਦਰੋਂ ਬੰਦ ਕਰ ਲਓ। ਮੁੱਖ ਮੰਤਰੀ ਮਾਨ ਨੇ ਐਲਾਨ ਕਰਦਿਆਂ ਕਿਹਾ ਕਿ ਅਗਲੇ ਸਾਲ ਝੋਨੇ ਦੇ ਸੀਜ਼ਨ ਤੋਂ ਪਹਿਲਾਂ 70-75 ਫ਼ੀਸਦੀ ਪਾਣੀ ਕੱਸੀਆਂ ਤੋਂ ਆਵੇਗਾ, ਜਿਹੜਾ ਕਿ ਇੰਨੇ ਸਾਲਾਂ ਦੌਰਾਨ ਕਿਸਾਨਾਂ ਨੂੰ ਨਹੀਂ ਮਿਲਿਆ ਸੀ।

ਮਾਤਾ ਕੌਸ਼ੱਲਿਆ ਹਸਪਤਾਲ ਲਈ 550 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਹਨ। ਜੇਕਰ ਮੁਹੱਲਾ ਕਲੀਨਿਕਾਂ ‘ਚ ਇਲਾਜ ਨਹੀਂ ਹੁੰਦਾ ਅਤੇ ਬੀਮਾਰੀ ਵੱਡੀ ਹੈ ਤਾਂ ਜ਼ਿਲ੍ਹਾ ਹਸਪਤਾਲ ਇੰਨੇ ਵਧੀਆ ਬਣਾਵਾਂਗੇ ਕਿ ਮਰਜ਼ੀ ਤੁਹਾਡੀ ਹੋਵੇਗੀ ਕਿ ਤੁਸੀਂ ਇਲਾਜ ਕਿੱਥੇ ਕਰਵਾਉਣਾ ਹੈ। ਡਾਕਟਰਾਂ ਦੀ ਕਾਬਲੀਅਤ ਅਤੇ ਮਸ਼ੀਨਾਂ ਦੀ ਕੋਈ ਕਮੀ ਨਹੀਂ ਹੋਵੇਗੀ।