ਰਾਜਪੁਰਾ ‘ਚ CM ਮਾਨ ਨੇ ਕੈਟਲ ਫੀਲਡ ਪਲਾਂਟ ਦਾ ਰੱਖਿਆ ਨੀਂਹ-ਪੱਥਰ

0
815

ਰਾਜਪੁਰਾ, ਪਟਿਆਲਾ, 1 ਅਕਤੂਬਰ | CM ਮਾਨ ਨੇ ਰਾਜਪੁਰਾ ਵਿਚ ਕੈਟਲ ਫੀਲਡ ਪਲਾਂਟ ਦਾ ਨੀਂਹ-ਪੱਥਰ ਰੱਖਿਆ। ਰਾਜਪੁਰਾ ਪਹੁੰਚਣ ‘ਤੇ ਮੁੱਖ ਮੰਤਰੀ ਦਾ ਰਵਾਇਤੀ ਅੰਦਾਜ਼ ‘ਚ ਸਵਾਗਤ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਨੀਦਰਲੈਂਡ ਦੀ ਇੱਕ ਕੰਪਨੀ ਵੱਲੋਂ ਪੰਜਾਬ ਵਿੱਚ ਵੱਡਾ ਨਿਵੇਸ਼ ਕੀਤਾ ਜਾ ਰਿਹਾ ਹੈ। ਕੈਟਲ ਫੀਡ ਪਲਾਂਟ ਨੂੰ ਬਣਾਉਣ ਲਈ 138 ਕਰੋੜ ਰੁਪਏ ਦੀ ਲਾਗਤ ਆਵੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਨਿਵੇਸ਼ ਅਤੇ ਪੰਜਾਬ ਟੀਮ ਦੀ ਮਿਹਨਤ ਰੰਗ ਲਿਆਏਗੀ। ਨੀਦਰਲੈਂਡ ਦੀ ਕੰਪਨੀ ਪੰਜਾਬ ਵਿਚ ਨਿਵੇਸ਼ ਕਰ ਰਹੀ ਹੈ। ਨੀਦਰਲੈਂਡ ਦੀ ਹਾਲੈਂਡ ਕੰਪਨੀ ਪੰਜਾਬ ਵਿੱਚ ਕੈਟਲ ਫੀਡ ਪਲਾਂਟ ਲਗਾ ਰਹੀ ਹੈ। ਇਸ ਪਲਾਂਟ ਰਾਹੀਂ ਪੰਜਾਬ ਦੇ ਸੈਂਕੜੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ। ਉਨ੍ਹਾਂ ਦੱਸਿਆ ਕਿ ਇਸ ਪਲਾਂਟ ਵਿਚ ਪਸ਼ੂਆਂ ਨੂੰ ਦਿੱਤੀ ਜਾਣ ਵਾਲੀ ਫੀਡ ਤਿਆਰ ਕੀਤੀ ਜਾਵੇਗੀ। ਇਸ ਦੌਰਾਨ ਪੰਜਾਬੀ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਇਆ ਗਿਆ।

ਦੱਸ ਦਈਏ ਕਿ ਪਿਛਲੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਦੀ ਨੀਦਰਲੈਂਡ ਦੀ ਰਾਜਦੂਤ ਮਾਰੀਸਾ ਗੇਰਾਡਜ਼ ਨਾਲ ਮੁਲਾਕਾਤ ਦੌਰਾਨ ਇਸ ਮਾਮਲੇ ‘ਤੇ ਚਰਚਾ ਹੋਈ ਸੀ। ਵਿਚਾਰ-ਵਟਾਂਦਰੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਨੂੰ ਨਿਵੇਸ਼ ਲਈ ਸਭ ਤੋਂ ਵਧੀਆ ਸਥਾਨ ਕਰਾਰ ਦਿੱਤਾ ਅਤੇ ਨੀਦਰਲੈਂਡ ਦੇ ਰਾਜਦੂਤ ਨੂੰ ਦੱਸਿਆ ਕਿ ਸਰਕਾਰ ਨੇ ਸੂਬੇ ਵਿਚ ਉੱਦਮੀਆਂ ਦੀ ਭਲਾਈ ਲਈ ਇੱਕ ਸਮਰਪਿਤ ਸਿੰਗਲ ਵਿੰਡੋ ਸਿਸਟਮ ਲਾਗੂ ਕਰਨ ਵਾਲੀ ਉਦਯੋਗਿਕ ਨੀਤੀ ਲਿਆਂਦੀ ਹੈ।

ਮੁੱਖ ਮੰਤਰੀ ਨੇ ਨੀਦਰਲੈਂਡ ਦੇ ਉੱਦਮੀਆਂ ਨੂੰ ਵੀ ਪੰਜਾਬ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਪੰਜਾਬ ਵਿਚ ਨਿਵੇਸ਼ ਕਰਨ ਨਾਲ ਦੋਵਾਂ ਧਿਰਾਂ ਨੂੰ ਫਾਇਦਾ ਹੋਵੇਗਾ ਅਤੇ ਪੰਜਾਬ ਦੇਸ਼ ਦੇ ਇੱਕ ਵੱਡੇ ਉਦਯੋਗਿਕ ਸੂਬੇ ਵਜੋਂ ਉਭਰੇਗਾ। ਉਨ੍ਹਾਂ ਕਿਹਾ ਕਿ ਸੂਬੇ ਵਿਚ ਉਦਯੋਗੀਕਰਨ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕੀਤੇ ਜਾ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਇਹ ਤਾਂ ਸਿਰਫ਼ ਸ਼ੁਰੂਆਤ ਹੈ। ਪੰਜਾਬ ਸਰਕਾਰ ਰੰਗਲੇ ਪੰਜਾਬ ਦੇ ਸੁਪਨੇ ਨੂੰ ਪੂਰਾ ਕਰਨ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿਚ ਅਜਿਹੇ ਹੋਰ ਵੀ ਕਈ ਪ੍ਰੋਜੈਕਟ ਲਗਾਏ ਜਾਣਗੇ।