CM ਚੰਨੀ ਨੇ DGP ਬਾਰੇ ਸਿੱਧੂ ਦੀ ਚਿਤਾਵਨੀ ਦਾ ਦਿੱਤਾ 2 ਟੁਕ ਜਵਾਬ, ਕਿਹਾ- ਡੀਜੀਪੀ ਦੀ ਨਿਯੁਕਤੀ ਅਜੇ ਕੀਤੀ ਜਾਣੀ ਹੈ

0
10114

ਮੋਰਿੰਡਾ/ਰੂਪਨਗਰ | ਨਵਜੋਤ ਸਿੱਧੂ ਵੱਲੋਂ ਮੌਜੂਦਾ ਡੀਜੀਪੀ ਪੰਜਾਬ ਨੂੰ ਹਟਾਏ ਜਾਣ ਦੀ ਕੀਤੀ ਮੰਗ ਦੇ ਜਵਾਬ ‘ਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਸਪੱਸ਼ਟ ਤੌਰ ’ਤੇ ਕਿਹਾ ਕਿ ਪੰਜਾਬ ਵਿੱਚ ਡੀਜੀਪੀ ਦੀ ਨਿਯੁਕਤੀ ਅਜੇ ਨਹੀਂ ਕੀਤੀ ਗਈ।

ਸਿੱਧੂ ਵੱਲੋਂ ਡੀਜੀਪੀ ਨੂੰ ਹਟਾਉਣ ਬਾਰੇ ਟਵੀਟ ਕਰਕੇ ਚਿਤਾਵਨੀ ਦੇਣ ਬਾਰੇ ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦੇ ਜਵਾਬ ‘ਚ ਮੁੱਖ ਮੰਤਰੀ ਨੇ ਕਿਹਾ ਕਿ ਡੀਜੀਪੀ ਦੀ ਨਿਯੁਕਤੀ ਅਜੇ ਕੀਤੀ ਜਾਣੀ ਹੈ।

ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸਿੱਧੂ ਨੂੰ ਵੀ ਇਸ ਬਾਰੇ ਦੱਸਿਆ ਸੀ ਕਿ ਕਾਨੂੰਨੀ ਪ੍ਰਕਿਰਿਆ ਇਹ ਹੈ ਕਿ 30 ਸਾਲ ਸੇਵਾ ਕਰਨ ਵਾਲਿਆਂ ਦੀ ਸੂਚੀ ਯੂਪੀਐੱਸਸੀ ਨੂੰ ਭੇਜਣੀ ਹੁੰਦੀ ਹੈ, ਜੋ ਅਸੀਂ ਭੇਜੀ ਹੋਈ ਹੈ। ਇਸ ਵਿੱਚੋਂ 3 ਨਾਵਾਂ ਦੀ ਸੂਚੀ ਯੂਪੀਐੱਸਸੀ ਵੱਲੋਂ ਰਾਜ ਸਰਕਾਰ ਨੂੰ ਭੇਜੀ ਜਾਵੇਗੀ ਅਤੇ ਮੰਤਰੀਆਂ, ਵਿਧਾਇਕਾਂ ਨਾਲ ਅਤੇ ਸਿੱਧੂ ਨਾਲ ਵੀ ਸਲਾਹ-ਮਸ਼ਵਰਾ ਕਰਕੇ ਜੋ ਚੰਗਾ ਅਫਸਰ ਹੋਵੇਗਾ, ਉਸ ਦੀ ਨਿਯੁਕਤੀ ਡੀਜੀਪੀ ਵਜੋਂ ਕੀਤੀ ਜਾਵੇਗੀ।

ਦੱਸਣਯੋਗ ਹੈ ਕਿ ਸਿੱਧੂ ਨੇ ਡੀਜੀਪੀ ਤੋਂ ਇਲਾਵਾ ਐਡਵੋਕੇਟ ਜਨਰਲ ਏਪੀਐੱਸ ਦਿਓਲ ਨੂੰ ਹਟਾਉਣ ਦੀ ਵੀ ਮੰਗ ਕੀਤੀ ਹੈ, ਜਦਕਿ ਦਿਓਲ ਪਹਿਲਾਂ ਹੀ ਇਹ ਦਾਅਵਾ ਕਰ ਚੁੱਕੇ ਹਨ ਕਿ ਉਨ੍ਹਾਂ ਦੀ ਨਿਯੁਕਤੀ ਕਾਂਗਰਸ ਹਾਈਕਮਾਂਡ ਨੇ ਕੀਤੀ ਹੈ।

ਦਿਓਲ ਨੇ ਕੁਝ ਇੰਟਰਵਿਊਜ਼ ‘ਚ ਦੱਸਿਆ ਸੀ ਕਿ ਹਾਈਕਮਾਂਡ ਨੇ ਉਨ੍ਹਾਂ ਦਾ ਬਾਇਓਡਾਟਾ ਮੰਗਵਾਇਆ ਸੀ, ਜਿਸ ਮਗਰੋਂ ਉਨ੍ਹਾਂ ਦੀ ਨਿਯੁਕਤੀ ਕੀਤੀ ਗਈ ਹੈ।