CM ਭਗਵੰਤ ਮਾਨ ਨੇ ਕਿਹਾ- ਹੁਣ SYL ਨੂੰ YSL ‘ਚ ਬਦਲ ਦਿਓ, ਪੰਜਾਬ ਨੂੰ ਮਿਲੇਗਾ ਯਮੁਨਾ ਦਾ ਪਾਣੀ

0
1190

ਹੁਸ਼ਿਆਰਪੁਰ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ SYL ਦਾ ਨਾਮ ਬਦਲ ਕੇ YSL ਕੀਤਾ ਜਾ ਸਕਦਾ ਹੈ। ਸਤਲੁਜ-ਯਮੁਨਾ ਲਿੰਕ ਨੂੰ ਯਮੁਨਾ-ਸਤਲੁਜ ਵਜੋਂ ਜੋੜਿਆ ਜਾਣਾ ਚਾਹੀਦਾ ਹੈ ਕਿਉਂਕਿ ਜਦੋਂ ਪੰਜਾਬ ਅਤੇ ਹਰਿਆਣਾ ਇਕੱਠੇ ਹੋਏ ਸਨ, ਯਮੁਨਾ ਪੰਜਾਬ ਦਾ ਹਿੱਸਾ ਸੀ। ਹੁਣ ਪੰਜਾਬ ਅਤੇ ਹਰਿਆਣਾ ਦੇ ਵੱਖ ਹੋਣ ਤੋਂ ਬਾਅਦ ਵੀ ਯਮੁਨਾ ਪੰਜਾਬ ਦਾ ਹਿੱਸਾ ਕਿਉਂ ਨਹੀਂ ਬਣ ਸਕਦੀ? ਇਹ ਗੱਲ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਪਿੰਡ ਸਿੰਬਲੀ ਵਿੱਚ ਬਿਸਤ ਦੁਆਬ ਨਹਿਰ ਦੇ ਪਾਣੀ ਨੂੰ ਚਿੱਟੀ ਵੇਈ ਵਿੱਚ ਮੋੜਨ ਲਈ 119 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਕਹੀ।

ਉਨ੍ਹਾਂ ਨੇ ਕਿਹਾ ਕਿ ਐਸਵਾਈਐਲ ਦੇ ਮੁੱਦੇ ‘ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨਾਲ ਗੱਲ ਹੋਈ ਤਾਂ ਉਨ੍ਹਾਂ ਨੇ ਕਿਹਾ ਕਿ ਸੁਪਰੀਮ ਕੋਰਟ ਦਾ ਫੈਸਲਾ ਆਇਆ ਹੈ। ਉਹ ਦਿਖਾਉਣ ਤਾਂ ਕਿੱਥੇ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਫੈਸਲਾ ਮੰਨੋ ਜਾਂ ਫਿਰ ਕੋਈ ਹੋਰ ਹੱਲ ਕੱਢੋ। ਸੀਐਮ ਨੇ ਕਿਹਾ ਕਿ ਐਸਵਾਈਐੱਲ ਨੂੰ ਥੋੜ੍ਹਾ ਬਦਲ ਕੇ ਵਾਈਐੱਸਲ ਕਰ ਦਿਓ, ਤਾਂ ਮਸਲਾ ਹੱਲ ਕਰ ਦਿਓ।

ਉਨ੍ਹਾਂ ਨੇ ਕਿਹਾ ਕਿ ਉਹ ਮੇਰੇ ਨਾਲ ਹੈਲੀਕਾਪਟਰ ਵਿੱਚ ਚੱਲਣ। ਸ਼੍ਰੀ ਆਨੰਦਪੁਰ ਸਾਹਿਬ ਤੋਂ ਫਾਜ਼ਿਲਕਾ ਤੱਕ ਜੇ ਸਤਿਲੁਜ ਦਰਿਆ ਨਜ਼ਰ ਆਇਆ ਤਾਂ ਦੱਸਣਾ। ਉਹ ਤਾਂ ਨਾਲਾ ਬਣ ਗਿਆ ਹੈ। ਪਾਣੀ ਤਾਂ ਸਾਡਾ ਕੋਲ ਹੈ ਹੀ ਨਹੀਂ ਹੈ। ਯਮੁਨਾ ਨੂੰ ਗੁਜਰਾਤ ਦੀ ਸ਼ਾਰਦਾ ਨਦੀ ਦੇ ਨਾਲ ਜੋੜਿਆ ਜਾ ਸਕਦਾ ਹੈ ਤਾਂ ਯਮੁਨਾ ਨੂੰ ਸਤਲੁਜ ਦੇ ਨਾਲ ਕਿਉਂ ਨਹੀਂ ਜੋੜਿਆ ਜਾ ਸਕਦਾ ਹੈ।