ਲੁਧਿਆਣਾ ‘ਚ ਸ਼ਰੇਆਮ ਕੱਪੜਾ ਵਪਾਰੀ ਕਿਡਨੈਪ, ਖਿੱਚ-ਧੂਹ ਕੇ ਕਾਰ ‘ਚ ਬਿਠਾ ਕੇ ਲੈ ਗਏ ਬਦਮਾਸ਼

0
241

ਲੁਧਿਆਣਾ, 22 ਨਵੰਬਰ | ਜਨਕਪੁਰੀ ਮੇਨ ਬਾਜ਼ਾਰ ਤੋਂ ਵੀਰਵਾਰ ਨੂੰ ਕੱਪੜਾ ਕਾਰੋਬਾਰੀ ਨੂੰ ਅਗਵਾ ਕਰ ਲਿਆ ਗਿਆ। ਕਾਰੋਬਾਰੀ ਆਪਣੇ ਸਾਥੀ ਨਾਲ ਵਕੀਲ ਕੋਲ ਕੰਮ ਕਰਵਾਉਣ ਆਇਆ ਸੀ। ਸਾਥੀ ਨੇ ਕਿਸੇ ਤਰ੍ਹਾਂ ਆਪਣੇ ਆਪ ਨੂੰ ਨੌਜਵਾਨਾਂ ਤੋਂ ਬਚਾਇਆ।

ਅਗਵਾ ਹੋਏ ਕਾਰੋਬਾਰੀ ਦੀ ਪਛਾਣ ਸੁਰਜੀਤ ਦਿਨਕਰ ਪਾਟਿਲ ਵਜੋਂ ਹੋਈ ਹੈ। ਉਸ ਦੀ ਆਹਲੂਵਾਲੀਆ ਕੰਪਲੈਕਸ ਵਿਚ ਕੱਪੜੇ ਦੀ ਦੁਕਾਨ ਹੈ। ਸੁਰਜੀਤ ਕਰੀਬ 4-5 ਮਹੀਨੇ ਪਹਿਲਾਂ ਗੁਜਰਾਤ ਤੋਂ ਆਇਆ ਸੀ। ਸੁਰਜੀਤ ਇੱਥੇ ਪੀਜੀ ਵਿਚ ਇਕੱਲਾ ਰਹਿੰਦਾ ਹੈ।

ਚਸ਼ਮਦੀਦਾਂ ਮੁਤਾਬਕ ਦੇਰ ਸ਼ਾਮ ਆਈ-20 ਕਾਰ ‘ਚ 4 ਨੌਜਵਾਨ ਆਏ। ਚਾਰੇ ਨੌਜਵਾਨਾਂ ਨੇ ਵਕੀਲ ਕੋਲ ਉਸ ਦੇ ਦਫ਼ਤਰ ਤੋਂ ਕੰਮ ਕਰਵਾਉਣ ਆਏ ਵਿਅਕਤੀ ਦੀ ਖਿੱਚ-ਧੂਹ ਕੀਤੀ। ਵਿਅਕਤੀ ਰੌਲਾ ਪਾ ਰਿਹਾ ਸੀ ਪਰ ਕਿਸੇ ਦੁਕਾਨਦਾਰ ਨੇ ਉਸ ਨੂੰ ਨਹੀਂ ਬਚਾਇਆ। ਨੌਜਵਾਨ ਉਸ ਨੂੰ ਜ਼ਬਰਦਸਤੀ ਕਾਰ ਵਿਚ ਬਿਠਾ ਕੇ ਲੈ ਗਏ।

ਘਟਨਾ ਤੋਂ ਬਾਅਦ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਏਡੀਸੀਪੀ ਜੇਐਸ ਸੰਧੂ, ਏਸੀਪੀ ਅਨਿਲ ਭਨੋਟ, ਏਡੀਸੀਪੀ ਅਮਨਦੀਪ ਬਰਾੜ ਅਤੇ ਸੀਆਈਏ ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ। ਪੁਲਿਸ ਨੇ ਇਲਾਕੇ ‘ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਹੈ। ਫਿਲਹਾਲ ਪੁਲਿਸ ਨੇ ਕਾਰ ਦਾ ਨੰਬਰ ਟਰੇਸ ਕਰ ਲਿਆ ਹੈ।

ਏਡੀਸੀਪੀ ਜੇਐਸ ਸੰਧੂ ਨੇ ਦੱਸਿਆ ਕਿ ਸੁਰਜੀਤ ਦਾ ਕਿਸੇ ਨਾਲ ਪੈਸਿਆਂ ਦਾ ਲੈਣ-ਦੇਣ ਹੈ। ਫਿਲਹਾਲ ਇਸ ਨੂੰ ਸਿੱਧੇ ਤੌਰ ‘ਤੇ ਅਗਵਾ ਨਹੀਂ ਕਿਹਾ ਜਾ ਸਕਦਾ। ਉਹ ਕਰੀਬ 5 ਮਹੀਨੇ ਪਹਿਲਾਂ ਹੀ ਗੁਜਰਾਤ ਤੋਂ ਇੱਥੇ ਆਇਆ ਸੀ। ਸ਼ਹਿਰ ਦੇ ਐਂਟਰੀ ਅਤੇ ਐਗਜ਼ਿਟ ਪੁਆਇੰਟਾਂ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ। ਪੁਲਿਸ ਜਲਦ ਹੀ ਦੋਸ਼ੀਆਂ ਨੂੰ ਫੜ ਲਵੇਗੀ।