ਇਸਾਈ ਬੀਬੀਆਂ ਦਾ ਦਾਅਵਾ- 13 ਸਾਲ ਦੀ ਮ੍ਰਿਤਕ ਕੁੜੀ ਕਰ ਦਿਆਂਗੇ ਜਿੰਦਾ, ਬਦਲਣਾ ਪਵੇਗਾ ਧਰਮ; ਤਿੰਨ ਘੰਟੇ ਪ੍ਰਾਰਥਣਾ ਤੋਂ ਬਾਅਦ ਹੋਈਆਂ ਰਫੂਚੱਕਰ

0
23227

ਤਨਮਯ | ਮੋਗਾ

ਮੋਗਾ ਦੇ ਪਿੰਡ ਨਾਹਲ ਖੋਟੇ ਵਿੱਚ ਐਤਵਾਰ ਨੂੰ ਇੱਕ ਅਜੀਬੋ-ਗਰੀਬ ਘਟਨਾ ਵਾਪਰੀ। 13 ਸਾਲ ਦੀ ਇੱਕ ਕੁੜੀ ਸ਼ੁਭਦੀਪ ਕੌਰ ਦੀ ਮੌਤ ਹੋ ਗਈ। ਇਸਾਈ ਧਰਮ ਨੂੰ ਮੰਨਣ ਵਾਲੀਆਂ ਕੁਝ ਔਰਤਾਂ ਮ੍ਰਿਤਕ ਲੜਕੀ ਦੇ ਘਰ ਗਈਆਂ ਅਤੇ ਦਾਅਵਾ ਕੀਤਾ ਕਿ ਅਸੀਂ ਪ੍ਰਾਰਥਣਾ ਕਰਕੇ ਲੜਕੀ ਨੂੰ ਜਿੰਦਾ ਕਰ ਦਿਆਂਗੇ ਪਰ ਬਦਲੇ ਵਿੱਚ ਤੁਹਾਨੂੰ ਇਸਾਈ ਧਰਮ ਕਬੂਲ ਕਰਨਾ ਪਵੇਗਾ।

ਮ੍ਰਿਤਕ ਲੜਕੀ ਦੇ ਪਿਤਾ ਗੁਰਦਾਸ ਸਿੰਘ ਅਤੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਤੁਸੀਂ ਲੜਕੀ ਠੀਕ ਕਰ ਦਿਓ ਅਸੀਂ ਸਾਰੇ ਧਰਮ ਤਬਦੀਲ  ਕਰ ਲਵਾਂਗੇ। 

ਪਿੰਡ ਵਿੱਚ ਖਬਰ ਫੈਲਦਿਆਂ ਸਰਪੰਚ ਸੁਖਦੇਵ ਸਿੰਘ ਵੀ ਮੌਕੇ ‘ਤੇ ਪਹੁੰਚੇ ਅਤੇ ਕਿਹਾ ਕਿ ਜੇਕਰ ਤੁਸੀਂ ਲੜਕੀ ਜਿੰਦਾ ਕਰ ਦਿਓ ਤਾਂ ਇੱਕ ਲੱਖ ਰੁਪਏ ਵੀ ਦਿਆਂਗੇ ਅਤੇ ਧਰਮ ਵੀ ਬਦਲਾਂਗੇ।

ਲੜਕੀ ਨੂੰ ਜਿੰਦਾ ਕਰਨ ਦਾ ਦਾਅਵਾ ਕਰਨ ਵਾਲੀਆਂ ਔਰਤਾਂ ਤਿੰਨ ਘੰਟੇ ਤੱਕ ਪ੍ਰਾਰਥਣਾ ਕਰਦੀਆਂ ਰਹੀਆਂ ਪਰ ਕੁੱਝ ਨਾ ਹੋਇਆ। ਇਸ ਤੋਂ ਬਾਅਦ ਉਹ ਜਾਣ ਲੱਗੀਆਂ ਅਤੇ ਕਿਹਾ ਕਿ ਤੁਸੀਂ ਲੜਕੀ ਨੂੰ ਬੁਲਾਉਣਾ ਨਹੀਂ ਹੈ। ਕੁਝ ਸਮਾਂ ਬਾਅਦ ਅਸੀਂ ਖੁਦ ਆ ਕੇ ਬੁਲਾਵਾਂਗੇ।

ਔਰਤਾਂ ਕਈ ਘੰਟੇ ਨਾ ਮੁੜੀਆਂ। ਬਾਅਦ ਵਿੱਚ ਪਰਿਵਾਰ ਨੇ ਲੜਕੀ ਦਾ ਅੰਤਿਮ ਸੰਸਕਾਰ ਕਰ ਦਿੱਤਾ। ਇਸ ਤੋਂ ਬਾਅਦ ਪੰਚਾਇਤ ਨੇ ਪੂਰੇ ਪਿੰਡ ਦਾ ਇਕੱਠ ਕਰਕੇ ਉੱਕਤ ਔਰਤਾਂ ਦਾ ਭਾਂਡਾ ਤਿਆਗਣ ਦੀ ਅਪੀਲ ਕੀਤੀ।

ਮ੍ਰਿਤਕ ਲੜਕੀ ਦੇ ਪਿਤਾ ਗੁਰਦਾਸ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ- ਲੰਘੇ ਦਿਨ ਮੇਰੀ ਲੜਕੀ  ਸ਼ੁਭਦੀਪ ਕੌਰ (13) ਦੀ ਮੌਤ ਹੋ ਗਈ ਸੀ । ਸਾਡੇ ਹੀ ਪਿੰਡ ਤਾਰੇਵਾਲਾ ਨਾਲ ਸਬੰਧ ਰੱਖਣ ਵਾਲੀਆਂ ਤਿੰਨ ਈਸਾਈ ਭਾਈਚਾਰੇ ਨਾਲ ਸਬੰਧਤ ਔਰਤਾਂ ਆਈਆਂ  ਅਤੇ ਦਾਅਵਾ ਕਰਨ ਲੱਗੀਆਂ ਕਿ ਅਸੀਂ ਪ੍ਰਾਰਥਨਾ ਕਰਕੇ ਲੜਕੀ ਨੂੰ ਜ਼ਿੰਦਾ ਕਰ ਸਕਦੀਆਂ ਹਾਂ ਪਰ ਤੁਹਾਨੂੰ ਧਰਮ ਤਬਦੀਲ ਕਰਨਾ ਪਵੇਗਾ। ਢਾਈ ਘੰਟੇ ਬੀਤਣ ‘ਤੇ ਉਕਤ ਔਰਤਾਂ ਦੇ ਹੱਥ ਪੱਲੇ ਕੁਝ ਨਾ ਪਿਆ  ਅਤੇ ਉਹ ਬਹਾਨਾ ਕਰਕੇ ਭੱਜ ਗਈਆਂ।

ਪਿੰਡ ਨਾਹਲ ਖੋਟੇ ਦੇ ਸਰਪੰਚ ਸੁਖਦੇਵ ਸਿੰਘ ਨੇ ਕਿਹਾ ਕਿ  ਮ੍ਰਿਤਕ ਸਾਡੇ ਪਿੰਡ ਦੀਆ ਅਮਰਜੀਤ ਕੌਰ, ਕਲਵੰਤ ਕੌਰ, ਅਮਰਜੀਤ ਕੋਰ  ਨੇ ਬੱਚੀ ਨੂੰ ਜਿੰਦਾ ਕਰਨ ਦਾ ਦਾਅਵਾ ਕੀਤਾ ਸੀ। ਬਾਅਦ ਵਿੱਚ ਭੱਜ ਗਈਆਂ। ਅਸੀਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਅਪੀਲ ਕੀਤੀ ਕਿ ਅਜਿਹੇ ਫਿਰਕੂਪ੍ਰਸਤ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਜੋ ਧਰਮ ਦੇ ਨਾਂ ‘ਤੇ ਲੋਕਾਂ ਵਿਚ ਵੰਡੀਆਂ ਪਾਉਂਦੇ ਹਨ।

ਅਸੀਂ ਪ੍ਰਾਰਥਣਾ ਕੀਤੀ ਪਰ ਜਿੰਦਾ ਨਹੀਂ ਹੋਈ ਕੁੜੀ

ਲੜਕੀ ਨੂੰ ਜਿੰਦਾ ਕਰਨ ਦਾ ਦਾਅਵਾ ਕਰਨ ਵਾਲੀ ਅਮਰਜੀਤ ਕੌਰ, ਕੁਲਵੰਤ ਕੌਰ ਅਤੇ ਅਮਰਜੀਤ ਕੌਰ ਨੇ ਕਿਹਾ ਕਿ ਅਸੀਂ ਲੜਕੀ ਦੇ ਘਰ ਗਈਆਂ ਸੀ। ਲੜਕੀ ਨੂੰ ਜ਼ਿੰਦਾ ਕਰਨ ਦਾ ਵੀ ਪਰਿਵਾਰ ਨੂੰ ਭਰੋਸਾ ਦਿੱਤਾ ਸੀ। ਅਸੀਂ ਲੜਕੀ ਦੇ ਜਿੰਦਾ ਹੋਣ ਲਈ ਪ੍ਰਾਰਥਨਾ ਵੀ ਕੀਤੀ ਸੀ ਪਰ ਜੇਕਰ ਲੜਕੀ ਜਿੰਦਾ ਨਹੀਂ ਹੋਈ ਤਾਂ ਅਸੀਂ ਕੀ ਕਰ ਸਕਦੀਆਂ ਹਾਂ।  ਅਸੀਂ ਪੂਰੇ ਪਿੰਡ ਤੋਂ ਮੁਆਫੀ ਮੰਗਦੀਆਂ ਹਾਂ ਸਾਨੂੰ ਮੁਆਫ਼ ਕਰ ਦੇਣਾ ਚਾਹੀਦਾ ਹੈ।