ਮੁੱਖ ਮੰਤਰੀ ਨੇ ਅਗਲੇ 4 ਮਹੀਨਿਆਂ ਨੂੰ ਨਾਜ਼ੁਕ ਸਮਾਂ ਦੱਸਦਿਆਂ ਪੂਰੀ ਸਾਵਧਾਨੀ ਵਰਤਣ ਲਈ ਆਖਿਆ

0
13860
  • ਪਹਿਲੀ ਤਿਮਾਹੀ ‘ਚ ਮਾਲੀ ਪ੍ਰਾਪਤੀਆਂ 21 ਫੀਸਦੀ ਘਟਣ ਕਾਰਨ ਕੈਪਟਨ ਅਮਰਿੰਦਰ ਸਿੰਘ ਸੂਬੇ ਦੀ ਵਿੱਤੀ ਸਥਿਤੀ ਬਾਰੇ ਮਹੀਨਾਵਾਰ ਸਮੀਖਿਆ ਕਰਨਗੇ
  • ਕੈਬਨਿਟ ਵੱਲੋਂ ਕੋਵਿਡ ਦੀ ਸਥਿਤੀ ‘ਤੇ ਵਿਚਾਰ ਵਟਾਂਦਾਰਾ

ਚੰਡੀਗੜ੍ਹ. ਵਿੱਤੀ ਸਾਲ 2020-21 ਦੀ ਪਹਿਲੀ ਤਿਮਾਹੀ ਵਿੱਚ ਸੂਬੇ ਦੀਆਂ ਮਾਲੀਆ ਪ੍ਰਾਪਤੀਆਂ ਵਿੱਚ ਆਈ 21 ਫੀਸਦੀ ਗਿਰਾਵਟ ਅਤੇ ਭਾਰਤ ਸਰਕਾਰ ਵਾਲੇ ਪਾਸਿਓਂ ਕੋਈ ਵਿੱਤੀ ਮਦਦ ਨਾ ਆਉਣ ਦੇ ਚੱਲਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਣ ਹਰੇਕ ਮਹੀਨੇ ਸੂਬੇ ਦੀ ਵਿੱਤੀ ਸਥਿਤੀ ਦੀ ਸਮੀਖਿਆ ਕਰਿਆ ਕਰਨਗੇ ਤਾਂ ਜੋ ਸੀਮਤ ਸਰੋਤਾਂ ਦੇ ਨਾਲ ਵੱਧ ਤੋਂ ਵੱਧ ਪ੍ਰਭਾਵਸ਼ਾਲੀ ਪ੍ਰਬੰਧਨ ਕੀਤਾ ਜਾ ਸਕੇ। ਇਹ ਫੈਸਲਾ ਮੰਤਰੀ ਪ੍ਰੀਸ਼ਦ ਦੀ ਮੀਟਿੰਗ ਵਿੱਚ ਲਿਆ ਗਿਆ, ਜਿੱਥੇ ਮੁੱਖ ਮੰਤਰੀ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਇਸ ਵਿੱਤੀ ਵਰ੍ਹੇ ਦੀ ਸ਼ੁਰੂਆਤ ਤੋਂ ਹੀ ਕੋਵਿਡ ਦੇ ਫੈਲਾਅ ਅਤੇ ਲੰਬੇ ਸਮੇਂ ਦੇ ਲੌਕਡਾਊਨ ਦੇ ਪੱਖ ਤੋਂ ਬਣੇ ਨਾਜ਼ੁਕ ਹਾਲਾਤਾਂ ਦੇ ਮੱਦੇਨਜ਼ਰ ਤਿਮਾਹੀ ਅਧਾਰ ‘ਤੇ ਛੋਟੀ ਮਿਆਦ ਦੀਆਂ ਵਿੱਤੀ ਯੋਜਨਾਵਾਂ ਉਲੀਕਣ ਦੇ ਸੁਝਾਅ ‘ਤੇ ਸਹਿਮਤੀ ਜਤਾਈ।

ਮੰਤਰੀ ਮੰਡਲ ਵੱਲੋਂ ਸੂਬੇ ਅੰਦਰ ਕੋਵਿਡ ਦੀ  ਸਥਿਤੀ ਦਾ ਜਾਇਜ਼ਾ ਲਿਆ ਗਿਆ ਅਤੇ ਮੁੱਖ ਮੰਤਰੀ ਵੱਲੋਂ ਕੇਸਾਂ ਦੀ ਗਿਣਤੀ ਵਿੱਚ ਹੋ ਰਹੇ ਇਜ਼ਾਫੇ ਦੇ ਮੱਦੇਨਜ਼ਰ ਹੋਰ ਸੁਚੇਤ  ਹੋਣ ਲਈ ਅਪੀਲ ਕੀਤੀ ਗਈ। ਸੂਬਾ ਸਰਕਾਰ ਦੇ ਸਿਹਤ ਸਲਾਹਕਾਰ ਡਾ. ਕੇ.ਕੇ.ਤਲਵਾੜ ਨੇ ਕਿਹਾ ਕਿ ਆਉਂਦੇ ਚਾਰ ਮਹੀਨੇ ਬਹੁਤ ਸੰਵੇਦਨਸ਼ੀਲ ਹਨ ਅਤੇ ਹਰ ਵਿਅਕਤੀ ਨੂੰ ਆਪਣੀ ਅਤੇ ਹੋਰਨਾਂ ਦੀ ਸੁਰੱਖਿਆ ਲਈ ਪੂਰੀਆਂ ਸਾਵਧਾਨੀਆਂ ਵਰਤਣੀਆਂ ਪੈਣਗੀਆਂ।

ਮਨਪ੍ਰੀਤ ਬਾਦਲ ਨੇ ਚੇਤਾਵਨੀ ਦਿੱਤੀ ਹੈ ਕਿ ਆਪਣੇ ਖੁਦ ਦੇ ਮਾਲੀਏ ਘਾਟੇ ਕਰਕੇ ਭਾਰਤ ਸਰਕਾਰ ਵੱਲੋਂ ਆਉਣ ਵਾਲੀ ਤਿਮਾਹੀ ਵਿੱਚ ਰਾਜਾਂ ਤੋਂ ਪੈਸਾ ਵਾਪਸ ਲੈਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਪਹਿਲੀ ਤਿਮਾਹੀ ਵਿੱਚ ਕੇਂਦਰ ਤੋਂ ਉਮੀਦ ਕੀਤੇ ਗਏ ਫੰਡ ਨਹੀਂ ਆਏ ਜਿਸ ਕਰਕੇ ਸੂਬਾ ਸਰਕਾਰ ਇਨ੍ਹਾਂ ਗੰਭੀਰ ਹਾਲਾਤਾਂ ਨਾਲ ਆਪਣੇ ਪੱਧਰ ‘ਤੇ ਨਜਿੱਠ ਰਹੀ ਹੈ।

ਸਥਿਤੀ ‘ਤੇ ਚਿੰਤਾ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਰੋਜ਼ਮਰ੍ਹਾ ਦੇ ਖਰਚਿਆਂ ਜਿਵੇਂ ਤਨਖਾਹਾਂ, ਬਿਜਲੀ ਸਬਸਿਡੀ, ਸਮਾਜ ਭਲਾਈ ਪੈਨਸ਼ਨਾਂ ਆਦਿ ਨੂੰ ਧਿਆਨ ਵਿੱਚ ਰੱਖਦਿਆਂ ਸੂਬੇ ਦੀ ਵਿੱਤੀ ਸਥਿਤੀ ਦਾ ਜਾਇਜ਼ਾ ਲੈਣ ਲਈ ਮਹੀਨਾਵਾਰ ਸਮੀਖਿਆ ਮੀਟਿੰਗਾਂ ਕਰਨਗੇ।    
ਇਸ ਤੋਂ ਪਹਿਲਾਂ, ਸੂਬੇ ਦੀ ਮਾੜੀ ਆਰਥਿਕ ਸਥਿਤੀ ‘ਤੇ ਚਾਨਣਾ ਪਾਉਂਦਿਆਂ ਪ੍ਰਮੁੱਖ ਸਕੱਤਰ ਵਿੱਤ ਕੇ.ਏ.ਪੀ ਸਿਨਹਾ ਨੇ ਕਿਹਾ ਕਿ 30 ਜੂਨ ਤੱਕ ਕੇਂਦਰੀ ਕਰਾਂ ‘ਚ ਪੰਜਾਬ  ਦਾ ਹਿੱਸਾ 32 ਫੀਸਦ ਥੱਲੇ ਜਾ ਚੁੱਕਾ ਹੈ। ਮਾਰਚ-ਜੂਨ ਦੇ ਸਮੇਂ ਲਈ ਕੇਂਦਰ ਵੱਲੋਂ ਮਿਲਣ ਵਾਲੀ ਗਰਾਂਟ-ਇਨ-ਏਡ 38 ਫੀਸਦ ਵਾਧਾ ਦਰਸਾਉਂਦੀ ਹੈ ਪਰ ਇਹ ਅਪ੍ਰੈਲ ਵਿੱਚ ਜੀ.ਐਸ.ਟੀ ਦੀ 3070 ਕਰੋੜ ਦੀ ਵਸੂਲੀ ਦੀ ਵਜ੍ਹਾ ਕਰਕੇ ਹੈ ਜਿਸ ਵਿੱਚ ਵਿੱਤੀ ਸਾਲ 2019-20 ਦੇ 2366.45 ਕਰੋੜ ਦੇ ਬਕਾਏ ਸ਼ਾਮਲ ਹਨ।

ਸਿਨਹਾ ਵੱਲੋਂ ਵਜ਼ਾਰਤ ਨੂੰ ਸੂਚਿਤ ਕੀਤਾ ਗਿਆ ਕਿ ਸੂਬੇ ਦੇ ਆਪਣੇ ਕਰ ਮਾਲੀਏ ਵਿੱਚ 51 ਫੀਸਦ ਘਾਟ ਆਈ ਹੈ ਅਤੇ ਪਹਿਲੀ ਤਿਮਾਹੀ ਦੌਰਾਨ ਸੂਬੇ ਦੀ ਗੈਰ-ਕਰ ਆਮਦਨੀ ਵਿੱਚ ਘਾਟ ਆਈ ਹੈ ਜੋ 68 ਫੀਸਦ ਹੈ। ਮੌਜੂਦਾ ਵਿੱਤੀ ਸੰਕਟ ਵਿੱਚੋਂ ਉਭਰਨ ਲਈ ਹੋਰ ਢੁੱਕਵੇਂ ਕਦਮ ਉਠਾਏ ਜਾਣ ਦੀ ਜ਼ਰੂਰਤ ਹੈ।