ਮੁੱਖ ਮੰਤਰੀ ਮਾਨ ਦੇ ਯਤਨਾਂ ਨੂੰ ਪਿਆ ਬੂਰ, ਸਿਰਫ 30 ਮਹੀਨਿਆਂ ‘ਚ ਪੰਜਾਬ ‘ਚ 86 ਹਜ਼ਾਰ ਕਰੋੜ ਦਾ ਨਿਵੇਸ਼

0
2180
ਚੰਡੀਗੜ੍ਹ, 24 ਦਸੰਬਰ | ਪਿਛਲੇ ਢਾਈ ਸਾਲਾਂ ਵਿਚ ਕਈ ਵੱਡੀਆਂ ਨਾਮੀ ਕੰਪਨੀਆਂ ਨੇ ਪੰਜਾਬ ਵਿਚ ਨਿਵੇਸ਼ ਕੀਤਾ ਹੈ। ਸਿਰਫ਼ 30 ਮਹੀਨਿਆਂ ਵਿਚ ਪੰਜਾਬ ਵਿਚ 86 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ, ਜਿਸ ਕਾਰਨ ਕਰੀਬ 3,92,540 ਨੌਜਵਾਨ ਲੜਕੇ-ਲੜਕੀਆਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਏ ਹਨ। ਇਹ ਦਾਅਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਹੈ। ਉਨ੍ਹਾਂ ਨੇ ਇਸ ਮਾਮਲੇ ਸਬੰਧੀ ਸੋਸ਼ਲ ਮੀਡੀਆ ਅਕਾਊਂਟ ਐਕਸ ‘ਤੇ ਪੋਸਟ ਪਾ ਕੇ ਇਹ ਜਾਣਕਾਰੀ ਦਿੱਤੀ ਹੈ।
ਉਨ੍ਹਾਂ ਨੇ ਪੋਸਟ ‘ਚ ਲਿਖਿਆ ਹੈ ਕਿ ਅਸੀਂ ਕਾਰੋਬਾਰ ਦੇ ਨਾਲ-ਨਾਲ ਰੋਜ਼ਗਾਰ ਨੂੰ ਵੀ ਅਹਿਮੀਅਤ ਦੇ ਰਹੇ ਹਾਂ। ਕੰਪਨੀਆਂ ਅੱਗੇ ਸਾਡੀ ਇੱਕੋ ਇੱਕ ਸ਼ਰਤ ਹੈ ਕਿ ਅਸੀਂ ਆਪਣੇ ਪਿੰਡਾਂ ਅਤੇ ਸ਼ਹਿਰਾਂ ਦੇ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣਾ ਹੈ। ਸਾਡੀ ਸਰਕਾਰ ਉਦਯੋਗਪਤੀਆਂ ਨੂੰ ਨਿਵੇਸ਼ ਅਤੇ ਕਾਰੋਬਾਰ ਲਈ ਅਨੁਕੂਲ ਮਾਹੌਲ ਪ੍ਰਦਾਨ ਕਰ ਰਹੀ ਹੈ। ਸਾਡੀ ਸਰਕਾਰ ਪੰਜਾਬ ਵਿਚ ਵਪਾਰ ਨੂੰ ਉਤਸ਼ਾਹਿਤ ਕਰਨ ਅਤੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਵਚਨਬੱਧ ਹੈ।
ਪੰਜਾਬ ਵਿਚ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਕਈ ਪੱਧਰਾਂ ‘ਤੇ ਕੰਮ ਕਰ ਰਹੀ ਹੈ। ਮੁੱਖ ਮੰਤਰੀ ਕਰੀਬ ਚਾਰ ਮਹੀਨੇ ਪਹਿਲਾਂ ਮੁੰਬਈ ਆਏ ਸਨ। ਇਸ ਸਮੇਂ ਦੌਰਾਨ ਸੰਨ ਫਾਰਮਾ ਨੇ ਆਪਣੇ ਮੌਜੂਦਾ ਟੈਸਾ ਪ੍ਰੋਜੈਕਟ ਦਾ ਵਿਸਤਾਰ ਕਰਨ ਦੀ ਇੱਛਾ ਪ੍ਰਗਟਾਈ ਸੀ। ਇਸ ਦੇ ਨਾਲ ਹੀ ਸਿਫੀ ਟੈਕਨਾਲੋਜੀ ਨੇ ਮੋਹਾਲੀ ਵਿਚ ਏਆਈ ਅਧਾਰਤ ਹਰੀਜੋਂਟਲ ਡੇਟਾ ਸੈਂਟਰ ਵਿਚ 1500 ਕਰੋੜ ਰੁਪਏ ਦਾ ਨਿਵੇਸ਼ ਕਰਨ ਦਾ ਫੈਸਲਾ ਕੀਤਾ ਸੀ, ਜਦਕਿ JSW ਸਟੀਲ 1600 ਕਰੋੜ ਰੁਪਏ ਦੀ ਲਾਗਤ ਨਾਲ 28 ਏਕੜ ਵਿਚ ਇੱਕ ਨਵੀਂ ਯੂਨਿਟ ਸਥਾਪਤ ਕਰੇਗੀ।
ਪੰਜਾਬ ਸਰਕਾਰ ਵੱਲੋਂ ਨਿਵੇਸ਼ਕਾਂ ਨੂੰ ਸੂਬੇ ਵਿਚ ਲਿਆਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸੇ ਲੜੀ ਵਿਚ ਮੁੱਖ ਮੰਤਰੀ ਨੇ ਸਾਲ 2022 ਵਿਚ ਜਰਮਨੀ ਦਾ ਦੌਰਾ ਕੀਤਾ। ਇਸ ਤੋਂ ਬਾਅਦ ਕਈ ਕੰਪਨੀਆਂ ਨੇ ਨਿਵੇਸ਼ ਵਿਚ ਦਿਲਚਸਪੀ ਦਿਖਾਈ। ਰਾਜਪੁਰਾ ਸਮੇਤ ਕਈ ਕੰਪਨੀਆਂ ਨੇ ਨਿਵੇਸ਼ ਕੀਤਾ ਹੈ। ਇਸ ਦੇ ਨਾਲ ਹੀ ਟਾਟਾ ਲੁਧਿਆਣਾ ਵਿਚ ਆਪਣਾ ਪਲਾਂਟ ਲਗਾ ਰਿਹਾ ਹੈ।