ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਦਾਅਵਾ- 4 ਸਾਲ ‘ਚ 17.61 ਲੱਖ ਨੌਕਰੀਆਂ ਦਿੱਤੀਆਂ, ਇੱਕ ਲੱਖ ਹੋਰ ਦਿਆਂਗੇ

0
30154

ਚੰਡੀਗੜ੍ਹ | ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰੋਜ਼ਗਾਰ ਉਤਪਤੀ ਤੇ ਸਿਖਲਾਈ ਵਿਭਾਗ ਨੂੰ ਇਕ ਲੱਖ ਸਰਕਾਰੀ ਨੌਕਰੀਆਂ ਦੇਣ ਦੇ ਮਿੱਥੇ ਟੀਚੇ ਨੂੰ ਛੇਤੀ ਤੋਂ ਛੇਤੀ ਹਾਸਲ ਕਰਨ ਲਈ ਯਤਨ ਹੋਰ ਅੱਗੇ ਵਧਾਉਣ ਲਈ ਆਖਿਆ ਹੈ।

ਰੋਜ਼ਗਾਰ ਉਤਪਤੀ ਤੇ ਸਿਖਲਾਈ ਵਿਭਾਗ ਦੀ ਪ੍ਰਗਤੀ ਦਾ ਜਾਇਜਾ ਲੈਂਦੇ ਹੋਏ ਮੁੱਖ ਮੰਤਰੀ ਨੇ ਮਾਰਚ 2017 ਤੋਂ ਹੁਣ ਤੱਕ ਸਰਕਾਰੀ, ਪ੍ਰਾਈਵੇਟ ਤੇ ਸਵੈ-ਰੋਜ਼ਗਾਰ ਸੈਕਟਰ ਵਿੱਚ 17.61 ਲੱਖ ਨੌਕਰੀਆਂ ਦੇਣ ਦਾ ਦਾਅਵਾ ਕੀਤਾ ਹੈ।

ਵਿਭਾਗ ਦੇ ਸਕੱਤਰ ਰਾਹੁਲ ਤਿਵਾੜੀ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ 17.62 ਲੱਖ ਨੌਕਰੀਆਂ ਵਿੱਚੋਂ ਠੇਕੇ ਦੇ ਆਧਾਰ ਉਤੇ ਨਿਯੁਕਤੀਆਂ ਸਮੇਤ 62,743 ਸਰਕਾਰੀ ਨੌਕਰੀਆਂ, ਪ੍ਰਾਈਵੇਟ ਸੈਕਟਰ ਵਿਚ 7.02 ਲੱਖ ਨੌਕਰੀਆਂ ਅਤੇ ਇਸ ਤੋਂ ਇਲਾਵਾ ਸਵੈ-ਰੋਜ਼ਗਾਰ ਕਿੱਤਾ ਸ਼ੁਰੂ ਕਰਨ ਲਈ 9.97 ਲੱਖ ਨੌਜਵਾਨਾਂ ਨੂੰ ਸਹੂਲਤ ਪ੍ਰਦਾਨ ਕੀਤੀ ਗਈ।

ਉਨ੍ਹਾਂ ਦੱਸਿਆ ਕਿ ਮੰਤਰੀ ਪ੍ਰੀਸ਼ਦ ਵੱਲੋਂ ਦਿੱਤੀ ਜਾ ਚੁੱਕੀ ਪ੍ਰਵਾਨਗੀ ਤਹਿਤ 61,336 ਅਸਾਮੀਆਂ ਭਰਨ ਦੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਵਿਭਾਗ ਜਲਦ ਹੀ 40 ਵਿਭਾਗਾਂ ਦੇ ਪ੍ਰਸ਼ਾਸਕੀ ਸਕੱਤਰਾਂ ਨੂੰ ਬਾਕੀ ਲਗਭਗ 39,000 ਖਾਲੀ ਅਸਾਮੀਆਂ ਦੇ ਪ੍ਰਸਤਾਵ ਮਨਜੂਰੀ ਲਈ ਮੰਤਰੀ ਮੰਡਲ ਨੂੰ ਭੇਜਣ ਲਈ ਕਹੇਗਾ।

ਤਿਵਾੜੀ ਨੇ ਦੱਸਿਆ ਕਿ ‘ਪੰਜਾਬ ਘਰ-ਘਰ ਰੁਜ਼ਗਾਰ ਅਤੇ ਕਾਰੋਬਾਰ ਮਿਸ਼ਨ’ ਮੁਹਾਲੀ ਵਿਖੇ ਸਥਾਪਤ ਵਿਦੇਸ਼ਾਂ ਵਿੱਚ ਪੜ੍ਹਾਈ ਅਤੇ ਪਲੇਸਮੈਂਟ ਸੈੱਲ ਪਹਿਲਾਂ ਹੀ ਨੌਜਵਾਨਾਂ ਨੂੰ ਕੰਮ ਅਤੇ ਪੜ੍ਹਾਈ ਸਬੰਧੀ ਵੀਜ਼ਾ ਦਿਵਾਉਣ ਅਤੇ ਵਿਦੇਸ਼ ਭੇਜਣ ਲਈ ਭਰਤੀ ਏਜੰਟ ਅਤੇ ਟਰੈਵਲ ਏਜੰਟ ਦਾ ਲਾਇਸੈਂਸ ਪ੍ਰਾਪਤ ਕਰ ਲਿਆ ਹੈ ਅਤੇ ਹੁਣ ਤੱਕ 352 ਨੌਜਵਾਨਾਂ ਦੀ ਕੌਂਸਲਿੰਗ ਕੀਤੀ ਗਈ ਹੈ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)