ਲੁਧਿਆਣਾ ‘ਚ ਨੌਜਵਾਨ ਨਾਲ ਠੱਗੀ : ਵਿਦੇਸ਼ ਰਹਿੰਦੀ ਪਤਨੀ ਨੇ PR ਦੇ ਨਾਂ ‘ਤੇ ਠੱਗੇ 19.32 ਲੱਖ, ਹੁਣ ਹੋਰ ਥਾਂ ਰਿਸ਼ਤਾ ਜੋੜਿਆ, ਪਰਚਾ ਦਰਜ

0
948

ਲੁਧਿਆਣਾ, 24 ਦਸੰਬਰ| ਜਗਰਾਉਂ ਦੇ ਰਾਏਕੋਟ ਦੇ ਪਿੰਡ ਸੁਖਾਣਾ ‘ਚ ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨ ਨੇ 4 ਸਾਲ ਪਹਿਲਾਂ ਵਿਦੇਸ਼ ‘ਚ ਰਹਿੰਦੀ ਲੜਕੀ ਨਾਲ ਵਿਆਹ ਕਰਵਾ ਲਿਆ ਸੀ। ਪਰ ਚਲਾਕ ਲੜਕੀ ਨੇ ਆਪਣੀ ਮਾਂ ਅਤੇ ਭਰਾ ਨਾਲ ਮਿਲ ਕੇ ਪੈਸਿਆਂ ਦੇ ਲਾਲਚ ਵਿੱਚ ਸਾਜ਼ਿਸ਼ ਰਚੀ ਅਤੇ ਆਪਣੇ ਪਤੀ ਨੂੰ ਤਲਾਕ ਦਿੱਤੇ ਬਿਨਾਂ ਕਿਤੇ ਹੋਰ ਨਾਲ ਰਿਸ਼ਤਾ ਤੈਅ ਕਰ ਲਿਆ। ਇੱਕ ਹੋਰ ਨੌਜਵਾਨ ਨੂੰ ਵਿਦੇਸ਼ ਵਿੱਚ ਪੱਕਾ ਕਰਵਾਉਣ ਲਈ ਲੱਖਾਂ ਵਿੱਚ ਸੌਦਾ ਕੀਤਾ।

ਪਤਨੀ ਨੇ ਪੀਆਰ ਕਰਵਾਉਣ ਦੇ ਬਦਲੇ ਪਤੀ ਤੋਂ 19.32 ਲੱਖ ਰੁਪਏ ਵੀ ਲਏ ਸਨ ਅਤੇ ਪਤੀ ਨੂੰ ਤਲਾਕ ਦਿੱਤੇ ਬਿਨਾਂ ਕਿਸੇ ਹੋਰ ਥਾਂ ‘ਤੇ ਰਿਸ਼ਤਾ ਤੈਅ ਕਰ ਲਿਆ। ਇਸ ਗੱਲ ਦਾ ਪਤਾ ਲੱਗਦੇ ਹੀ ਲੜਕੇ ਦੇ ਪਿਤਾ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ।

ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਥਾਣਾ ਸਦਰ ਰਾਏਕੋਟ ਦੀ ਪੁਲਸ ਨੇ ਮਾਂ, ਬੇਟੀ ਅਤੇ ਪੁੱਤਰ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਮਨਜੂਤ ਕੌਰ ਪਰਮਿੰਦਰ ਕੌਰ ਅਮਨਦੀਪ ਸਿੰਘ ਵਾਸੀ ਪਿੰਡ ਸਿੱਧਵਾਂ ਕਲਾਂ ਵਜੋਂ ਹੋਈ ਹੈ।

ਵਿਦੇਸ਼ ਜਾਣ ਦਾ ਝਾਂਸਾ ਦੇ ਕੇ ਨੌਜਵਾਨ ਨਾਲ ਠੱਗੀ

ਏਐਸਆਈ ਸੁਰਿੰਦਰ ਸਿੰਘ ਨੇ ਦੱਸਿਆ ਕਿ ਪੀੜਤ ਹਰਜਿੰਦਰ ਸਿੰਘ ਵਾਸੀ ਪਿੰਡ ਸੁਖਾਣਾ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਾਉਂਦੇ ਹੋਏ ਕਿਹਾ ਕਿ ਉਸ ਦਾ ਲੜਕਾ ਵਿਦੇਸ਼ ਜਾਣਾ ਚਾਹੁੰਦਾ ਸੀ। ਜਿਸ ਕਾਰਨ ਉਸ ਨੇ ਆਪਣੇ ਲੜਕੇ ਦਾ ਵਿਆਹ ਆਈਲੈਟਸ ਪਾਸ ਲੜਕੀ ਪਰਮਿੰਦਰ ਕੌਰ ਨਾਲ ਕਰਵਾ ਦਿੱਤਾ।

ਵਿਆਹ ਸਮੇਂ ਇਹ ਤੈਅ ਹੋਇਆ ਕਿ ਲੜਕੀ ਉਨ੍ਹਾਂ ਦੇ ਲੜਕੇ ਨੂੰ ਵਿਦੇਸ਼ ਵਿੱਚ ਪੀ.ਆਰ. ਦਿਵਾਏਗੀ, ਜਿਸ ਲਈ ਲੜਕੀ ਦੇ ਪਰਿਵਾਰ ਨੇ 19.32 ਲੱਖ ਰੁਪਏ ਅਤੇ ਵਿਆਹ ਦਾ ਸਾਰਾ ਖਰਚਾ ਉਨ੍ਹਾਂ ਤੋਂ ਲਿਆ। ਪਰ ਵਿਦੇਸ਼ ਪਹੁੰਚ ਕੇ ਲੜਕੀ ਨੇ ਪਰਿਵਾਰਕ ਮੈਂਬਰਾਂ ਸਮੇਤ ਆਪਣੇ ਅਸਲੀ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ। ਉਸ ਨੇ ਅਜਿਹੀ ਖੇਡ ਰਚੀ ਕਿ ਪੈਸਿਆਂ ਦੇ ਲਾਲਚ ‘ਚ ਆਪਣੇ ਪਤੀ ਨੂੰ ਤਲਾਕ ਦਿੱਤੇ ਬਿਨਾਂ ਅੰਮ੍ਰਿਤਸਰ ਦੇ ਇਕ ਹੋਰ ਨੌਜਵਾਨ ਨੂੰ ਵਿਦੇਸ਼ ‘ਚ ਸੈਟਲ ਕਰਵਾਉਣ ਦੇ ਨਾਂ ‘ਤੇ ਲੱਖਾਂ ਰੁਪਏ ਦਾ ਸੌਦਾ ਕਰ ਲਿਆ।

ਦੋਸ਼ੀ ਮਾਂ-ਧੀ ਖਿਲਾਫ ਮਾਮਲਾ ਦਰਜ

ਪਹਿਲੇ ਪਤੀ ਦੇ ਪਿਤਾ ਨੇ ਇਸ ਸਬੰਧੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਮਾਮਲੇ ਦੀ ਜਾਂਚ ਕਰਦੇ ਹੋਏ ਪੁਲਸ ਨੇ ਪਹਿਲਾਂ ਲੜਕੀ ਦੇ ਪਰਿਵਾਰ ਵਾਲਿਆਂ ਤੋਂ ਉਸ ਦੇ ਪਤੀ ਤੋਂ ਤਲਾਕ ਸਬੰਧੀ ਦਸਤਾਵੇਜ਼ ਮੰਗੇ ਪਰ ਦੋਸ਼ੀ ਕੁਝ ਨਹੀਂ ਦਿਖਾ ਸਕਿਆ, ਜਿਸ ਤੋਂ ਬਾਅਦ ਪੁਲਿਸ ਨੇ ਮਾਂ, ਬੇਟੀ ਅਤੇ ਬੇਟੇ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕਰ ਲਿਆ।