18 ਸਾਲ ਪੁਰਾਣੇ ਅਸਲਾ ਬਰਾਮਦ ਮਾਮਲੇ ‘ਚ ਜਗਤਾਰ ਸਿੰਘ ਹਵਾਰਾ ਖਿਲਾਫ਼ ਦੋਸ਼ ਤੈਅ

0
1528

ਮੁਹਾਲੀ| ਜਗਤਾਰ ਸਿੰਘ ਹਵਾਰਾ ਖਿਲਾਫ਼ ਥਾਣਾ ਸਦਰ ਖਰੜ ਅਤੇ ਥਾਣਾ ਸੋਹਾਣਾ ’ਚ ਦਰਜ ਵਿਸਫੋਟਕ ਸਮੱਗਰੀ ਮਿਲਣ ਅਤੇ ਸਾਜਿਸ਼ ਰਚਣ ਦੇ ਦਰਜ ਮਾਮਲੇ ਦੀ ਸੁਣਵਾਈ ਵਧੀਕ ਜਿਲਾ ਸੈਸ਼ਨ ਜੱਜ ਕ੍ਰਿਸ਼ਨ ਕੁਮਾਰ ਸਿੰਗਲਾ ਦੀ ਅਦਾਲਤ ’ਚ ਹੋਈ। ਅਦਾਲਤ ਵਲੋਂ ਥਾਣਾ ਸਦਰ ਖਰੜ ’ਚ ਦਰਜ ਮਾਮਲੇ ’ਚ ਜਗਤਾਰ ਸਿੰਘ ਹਵਾਰਾ ਖਿਲਾਫ਼ ਧਾਰਾ-ਆਰਮਜ਼ ਐਕਟ, 120ਬੀ ਅਤੇ 4,5 ਐਕਸਪਲੋਸਿਵ ਸਬਸਟਾਇਸਸ ਐਕਟ ਦੇ ਤਹਿਤ ਦੋਸ਼ ਤੈਅ ਕਰ ਦਿੱਤੇ ਹਨ, ਜਦੋਂ ਕਿ ਥਾਣਾ ਸੋਹਾਣਾ ’ਚ ਦਰਜ ਮਾਮਲੇ ’ਚ ਪੁਲਿਸ ਕੋਲੋਂ ਇਸ ਮਾਮਲੇ ਦੀ ਅਸਲ ਫਾਇਲ ਮੰਗੀ ਗਈ ਹੈ।

ਅਦਾਲਤ ਨੇ ਦੋਹਾਂ ਮਾਮਲਿਆਂ ਦੀ ਅਗਲੀ ਸੁਣਵਾਈ ਲਈ 14 ਅਤੇ 18 ਸਤੰਬਰ ਦੀ ਤਰੀਕ ਤੈਅ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਖਰੜ ਥਾਣੇ ਵਿਚ ਸਾਲ 2005 ’ਚ ਜਗਤਾਰ ਸਿੰਘ ਹਵਾਰਾ ਅਤੇ ਹੋਰਨਾਂ ਦੇ ਖਿਲਾਫ਼ 3/4/5 ਐਕਸਪਲੋਸਿਵ ਸਬਸਟਾਇਸਸਐਕਟ 1908 ਅਤੇ ਆਰਮਜ਼ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ, ਜਦੋਂ ਕਿ ਜਗਤਾਰ ਸਿੰਘ ਹਵਾਰਾ ਨੂੰ ਨਾ ਤਾਂ ਉਸ ਸਮੇਂ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ ਅਤੇ ਨਾ ਹੀ ਉਨਾਂ ਕੋਲੋਂ ਕਿਸੇ ਵੀ ਤਰਾਂ ਦੀ ਕੋਈ ਬਰਾਮਦਗੀ ਹੋਈ ਸੀ।

ਇਸੇ ਤਰਾਂ ਸਾਲ 1998 ’ਚ ਜਗਤਾਰ ਸਿੰਘ ਹਵਾਰਾ ਖਿਲਾਫ ਥਾਣਾ ਸੋਹਾਣਾ ਵਿਖੇ ਧਾਰਾ-124ਏ, 153ਏ, 225, 511, 120ਬੀ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਇਸ ਮਾਮਲੇ ’ਚ ਵੀ ਜਗਤਾਰ ਸਿੰਘ ਹਵਾਰਾ ਦੀ ਉਸ ਸਮੇਂ ਨਾ ਤਾਂ ਗ੍ਰਿਫ਼ਤਾਰੀ ਪਾਈ ਗਈ ਸੀ ਅਤੇ ਨਾ ਹੀ ਉਸ ਕੋਲੋਂ ਕਿਸੇ ਵੀ ਤਰਾਂ ਦੀ ਕੋਈ ਬਰਾਮਦਗੀ ਹੋਈ ਸੀ।

ਜ਼ਿਕਰਯੋਗ ਹੈ ਕਿ ਇਸ ਸਬੰਧੀ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਮੋਰਚੇ ਦੇ ਕਾਰਕੁੰਨਾਂ ਨੇ ਮੰਗ ਕੀਤੀ ਹੈ ਕਿ ਜਗਤਾਰ ਸਿੰਘ ਹਵਾਰਾ ਨੂੰ ਅਦਾਲਤ ਵਿਚ ਨਿੱਜੀ ਤੌਰ ’ਤੇ ਪੇਸ਼ ਕੀਤਾ ਜਾਵੇ ਅਤੇ ਨਾਲ ਹੀ ਉਨ੍ਹਾਂ ਨੇ ਮੰਗ ਕੀਤੀ ਕਿ ਹਵਾਰਾ ਨੂੰ ਰੋਪੜ ਜਾਂ ਪਟਿਆਲਾ ਵਿਚੋਂ ਕਿਸੇ ਵੀ ਜੇਲ੍ਹ ਵਿਚ ਤਬਦੀਲ ਕੀਤਾ ਜਾਵੇ ਕਿਉਂਕਿ ਐਫਆਈਆਰ ਮੁਹਾਲੀ ਅਤੇ ਚੰਡੀਗੜ੍ਹ ’ਚ ਦਰਜ ਹਨ, ਕਿਉਂਕਿ ਉਕਤ ਖੇਤਰ ਵਿਚ ਆਉਂਦੀਆਂ ਜੇਲ੍ਹਾਂ ਵਿਚ ਹੀ ਜਗਤਾਰ ਸਿੰਘ ਹਵਾਰਾ ਨੂੰ ਰੱਖਿਆ ਜਾਣਾ ਚਾਹੀਦਾ ਹੈ।