ਚੰਨੀ ਦੀ ਮੁੱਖ ਮੰਤਰੀ ਨੂੰ ਚੁਣੌਤੀ : ‘ਅਖ਼ਬਾਰਾਂ ‘ਚ ਨਸ਼ਰ ਕੀਤੇ ਜਾਣ ਮੇਰੀ ਜਾਇਦਾਦ ਦੇ ਵੇਰਵੇ’

0
983

ਚੰਡੀਗੜ੍ਹ| ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਆਗੂ ਚਰਨਜੀਤ ਸਿੰਘ ਚੰਨੀ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿਚ ਵਿਜੀਲੈਂਸ ਸਾਹਮਣੇ ਤੀਜੀ ਵਾਰ ਪੇਸ਼ ਹੋਏ। 3 ਘੰਟੇ ਤਕ ਚੱਲੀ ਪੁਛਗਿਛ ਮਗਰੋਂ ਵਿਜੀਲੈਂਸ ਕਾਰਵਾਈ ਬਾਰੇ ਚੰਨੀ ਨੇ ਕਿਹਾ, “ਸਰਕਾਰ ਮੈਨੂੰ ਹਰ ਹਾਲਤ ਵਿਚ ਅੰਦਰ ਕਰਨਾ ਚਾਹੁੰਦੀ ਹੈ, ਕਰੀਬ ਡੇਢ ਸਾਲ ਤੋਂ ਮੈਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਕਦੇ ਵਿਆਹ ਦਾ ਖਰਚਾ ਅਤੇ ਕਦੇ ਰੋਟੀ ਦਾ ਖਰਚਾ ਅਤੇ ਹੁਣ ਜ਼ਮੀਨ ਦਾ ਹਿਸਾਬ ਦੇਖ ਰਹੇ ਹਨ”।

ਉਨ੍ਹਾਂ ਕਿਹਾ ਕਿ ਮੌਜੂਦਾ ਮੁੱਖ ਮੰਤਰੀ ਨੇ ਵੋਟਾਂ ਤੋਂ ਪਹਿਲਾਂ ਮੇਰੇ ਵਿਰੁੱਧ ਝੂਠਾ ਪ੍ਰਚਾਰ ਕੀਤਾ ਸੀ ਕਿ ਮੇਰੇ ਕੋਲ 169 ਕਰੋੜ ਦੀ ਜਾਇਦਾਦ ਹੈ। ਮੈਂ ਮੁੱਖ ਮੰਤਰੀ ਨੂੰ ਚੁਣੌਤੀ ਦਿੰਦਾ ਹਾਂ ਕਿ ਮੇਰੀ ਇਸ ਜਾਇਦਾਦ ਦਾ ਵੇਰਵਾ ਅਖ਼ਬਾਰਾਂ ਵਿਚ ਨਸ਼ਰ ਕਰੋ। ਮੈਂ ਆਪਣੀ ਜਾਇਦਾਦ ਦਾ ਪੂਰਾ ਵੇਰਵਾ ਵਿਜੀਲੈਂਸ ਨੂੰ ਸੌਂਪ ਦਿੱਤਾ ਹੈ, ਤੁਸੀਂ ਇਸ ਨੂੰ ਅਖ਼ਬਾਰਾਂ ਵਿਚ ਨਸ਼ਰ ਕਰੋ ਤਾਂ ਕਿ ਲੋਕਾਂ ਨੂੰ ਸੱਚਾਈ ਪਤਾ ਲੱਗ ਸਕੇ।

ਚੰਨੀ ਨੇ ਅੱਗੇ ਕਿਹਾ, “ਮੈਂ ਹਰ ਵਾਰ ਅਪਣੀ ਜ਼ਮੀਨ ਵੇਚ ਕੇ ਚੋਣ ਲੜੀ, ਹੁਣ ਤਕ ਮੈਂ ਅਪਣੀ ਸਾਰੀ ਜਾਇਦਾਦ ਵੇਚ ਚੁੱਕਿਆ ਹਾਂ। ਮੇਰੇ ਕੋਲ ਸਿਰਫ਼ ਅਪਣੇ ਦੋ ਘਰ, ਦੋ ਦਫ਼ਤਰ, ਇਕ ਦੁਕਾਨ ਹੈ, ਜਿਸ ਬਾਰੇ ਵੇਰਵੇ ਜਮ੍ਹਾਂ ਕਰਵਾ ਆਇਆ ਹਾਂ। ਜੇਕਰ ਇਸ ਤੋਂ ਇਲਾਵਾ ਮੇਰੀ ਕੋਈ ਜਾਇਦਾਦ ਨਿਕਲੀ ਤਾਂ ਮੈਂ ਤੁਰੰਤ ਹਲਫਨਾਮਾ ਦੇ ਕੇ ਸਰਕਾਰ ਦੇ ਨਾਂ ਕਰ ਦੇਵਾਂਗਾ”।

ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸਰਕਾਰ ਵਿਰੋਧੀ ਧਿਰ ਦੀ ਲੀਡਰਸ਼ਿਪ ਨੂੰ ਖ਼ਤਮ ਕਰਨਾ ਚਾਹੁੰਦੀ ਹੈ ਅਤੇ ਉਨ੍ਹਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ, “ਜੇਕਰ ਅਸੀਂ ਕੁੱਝ ਲੁੱਟਿਆ ਹੈ ਤਾਂ ਸਾਨੂੰ ਅੰਦਰ ਕਰੋ, ਬਦਨਾਮ ਕਰਨ ਦੀ ਰਾਜਨੀਤੀ ਦਾ ਕੋਈ ਹੱਲ ਨਹੀਂ। ਇਹ ਕੰਮ ਕੈਪਟਨ ਨੇ ਵੀ ਕਰ ਕੇ ਦੇਖ ਲਿਆ ਅਤੇ ਬਾਦਲਾਂ ਨੇ ਵੀ। ਤੁਸੀਂ ਗੋਲੀ ਹੀ ਮਰਵਾ ਲਓ ਜੇ ਮਰਵਾਉਣੀ ਹੈ ਤਾਂ ਹੀ ਤੁਹਾਡਾ ਬਚਾਅ ਹੋ ਸਕਦਾ ਹੈ”।