‘ਆਪ’ ‘ਤੇ ਭੜਕੇ ਚੰਨੀ: ਕਿਹਾ- CM ਮਾਨ ਨੇ ਕਾਂਗਰਸੀ ਲੀਡਰਾਂ ਨੂੰ ਕਿਹਾ ਸੀ ਕਚਰਾ, ਹੁਣ ਕਾਂਗਰਸੀ ਨੂੰ ਹੀ ਬਣਾ’ਤਾ ਉਮੀਦਵਾਰ

0
697

ਜਲੰਧਰ| ਜਲੰਧਰ ਜ਼ਿਮਨੀ ਚੋਣ ਲਈ ਕਾਂਗਰਸ ਉਮੀਦਵਾਰ ਕਰਮਜੀਤ ਕੌਰ ਨੇ ਵੀਰਵਾਰ ਨੂੰ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਇਸ ਦੌਰਾਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਆਪ’ ਸਰਕਾਰ ‘ਤੇ ਕਾਫੀ ਨਾਰਾਜ਼ ਹੋਏ। ਚੰਨੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਿਹਾ ਸੀ ਕਿ ਕਾਂਗਰਸ ਦੇ 25 ਮੌਜੂਦਾ ਵਿਧਾਇਕ ਸਾਡੇ ਸੰਪਰਕ ਵਿੱਚ ਹਨ ਪਰ ਅਸੀਂ ਉਨ੍ਹਾਂ ਦਾ ਕਚਰਾ ਨਹੀਂ ਚੁੱਕਾਂਗੇ, ਤਾਂ ਹੁਣ ਕੀ ਹੋ ਗਿਆ, ਕਚਰਾ ਚੁੱਕ ਕੇ ਉਸੇ ਨੂੰ ਹੀ ਉਮੀਦਵਾਰ ਬਣਾਇਆ।

ਸਾਬਕਾ ਮੁੱਖ ਮੰਤਰੀ ਚੰਨੀ, ਜੋ ਕਿ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਵਿਜੀਲੈਂਸ ਜਾਂਚ ਦਾ ਸਾਹਮਣਾ ਕਰ ਰਹੇ ਹਨ, ਨੇ ਵਿਜੀਲੈਂਸ ਦੀ ਕਾਰਵਾਈ ‘ਤੇ ਸਵਾਲਾਂ ਨੂੰ ਟਾਲ਼ਦਿਆਂ ਕਿਹਾ ਕਿ ਜੋ ਵੀ ਹੋਵੇਗਾ, ਮੈਂ ਸਾਂਝਾ ਕਰਦਾ ਰਹਾਂਗਾ। ਚੰਨੀ ਨੇ ਕਿਹਾ ਕਿ ਪੰਜਾਬ ‘ਚ ਕਾਨੂੰਨ ਵਿਵਸਥਾ ਨਹੀਂ ਹੈ।

ਉਨ੍ਹਾਂ ਕਿਹਾ ਕਿ ਦਿੱਲੀ ਵਾਸੀਆਂ ਦੇ ਇਸ਼ਾਰੇ ‘ਤੇ ਮੁੱਖ ਮੰਤਰੀ ਭਗਵੰਤ ਮਾਨ ਅਕਾਲ ਤਖ਼ਤ ਸਾਹਿਬ ਅਤੇ ਦਲਿਤਾਂ ਦੇ ਮਸੀਹਾ ਡਾ.ਬੀ.ਆਰ.ਅੰਬੇਡਕਰ ਦਾ ਅਪਮਾਨ ਕਰਨ ਤੋਂ ਗੁਰੇਜ਼ ਨਹੀਂ ਕਰ ਰਹੇ। ਉਨ੍ਹਾਂ ਦੀ 111 ਦਿਨਾਂ ਦੀ ਸਰਕਾਰ ਦੀਆਂ ਸਕੀਮਾਂ ਜੋ ਦਲਿਤਾਂ ਲਈ ਸ਼ੁਰੂ ਕੀਤੀਆਂ ਗਈਆਂ ਸਨ, ਨੂੰ ਖ਼ਤਮ ਕਰ ਦਿੱਤਾ ਗਿਆ ਅਤੇ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ।

ਜ਼ਿਮਨੀ ਚੋਣ ਲਈ ਨੇਤਾ ਨਹੀਂ ਮਿਲਿਆ

ਆਮ ਆਦਮੀ ਪਾਰਟੀ ‘ਤੇ ਚੁਟਕੀ ਲੈਂਦਿਆਂ ਚੰਨੀ ਨੇ ਕਿਹਾ ਕਿ ਪੰਜਾਬ ‘ਚ ਸਰਕਾਰ ਚਲਾਉਂਦਿਆਂ ਨੂੰ ਆਪ ਨੂੰ ਇਕ ਸਾਲ ਪੂਰਾ ਹੋ ਗਿਆ ਹੈ ਪਰ ਜ਼ਿਮਨੀ ਚੋਣਾਂ ਲਈ ਇਨ੍ਹਾਂ ਨੂੰ ਕੋਈ ਆਗੂ ਨਹੀਂ ਲੱਭਿਆ। ਕੀ 1 ਸਾਲ ਦੀ ਸਰਕਾਰ ‘ਚ ਆਮ ਆਦਮੀ ਪਾਰਟੀ ‘ਚ ਅਜਿਹਾ ਕੋਈ ਨੇਤਾ ਨਹੀਂ ਸੀ ਜੋ ਉਪ ਚੋਣਾਂ ਦਾ ਦਾਅਵੇਦਾਰ ਹੁੰਦਾ।