ਚੰਡੀਗੜ੍ਹ : ਬਾਲ ਸੰਸਦ ‘ਚ ਉਠਿਆ ਨਸ਼ਿਆਂ ਦਾ ਮੁੱਦਾ, ਸਿੱਖਿਆ ਵਿਭਾਗ ਨੇ ਲਿਆ ਫੈਸਲਾ, ਸਰਕਾਰੀ ਤੇ ਨਿੱਜੀ ਸਕੂਲਾਂ ਦੇ ਬਾਹਰ ਨਹੀਂ ਵਿਕੇਗਾ ਤੰਬਾਕੂ

0
138

ਚੰਡੀਗੜ੍ਹ | ਇਥੋਂ ਦੇ ਸਿੱਖਿਆ ਵਿਭਾਗ ਨੇ ਸਕੂਲਾਂ ਦੇ ਬਾਹਰ ਨਸ਼ਿਆਂ ਦੀ ਵਿਕਰੀ ਦਾ ਮੁੱਦਾ ਬਾਲ ਸੰਸਦ ਵਿਚ ਉਠਾਇਆ। ਇਸ ਤੋਂ ਬਾਅਦ ਅਹਿਮ ਹੁਕਮ ਜਾਰੀ ਕੀਤੇ ਹਨ। ਯੂਟੀ ਦੇ ਸਿੱਖਿਆ ਸਕੱਤਰ ਵੱਲੋਂ ਜਾਰੀ ਹੁਕਮਾਂ ਵਿਚ ਸਖ਼ਤ ਹਦਾਇਤ ਕੀਤੀ ਗਈ ਹੈ ਕਿ ਚੰਡੀਗੜ੍ਹ ਦੇ ਸਕੂਲਾਂ ਦੇ 100 ਮੀਟਰ ਦੇ ਘੇਰੇ ਵਿਚ ਤੰਬਾਕੂ ਉਤਪਾਦ ਨਾ ਵੇਚੇ ਜਾਣ। ਇਹ ਹੁਕਮ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਜਾਰੀ ਕੀਤੇ ਗਏ ਹਨ।

ਪੱਤਰ ਵਿਚ ਕਿਹਾ ਗਿਆ ਕਿ ਸ਼ਹਿਰ ਭਰ ਦੇ ਬੱਚੇ ਸਵਾਲ ਕਰ ਰਹੇ ਹਨ ਕਿ ਸਕੂਲਾਂ ਦੇ ਬਾਹਰ ਨਸ਼ਾ ਵੇਚਿਆ ਜਾ ਰਿਹਾ ਹੈ। ਉਕਤ ਸਕੂਲਾਂ ਵਿਚ ਡੰਮੀ ਦਾਖਲੇ ਕੀਤੇ ਜਾ ਰਹੇ ਹਨ। ਕੁਝ ਰਿਸ਼ਤੇਦਾਰ ਬੱਚਿਆਂ ਨਾਲ ਬਦਸਲੂਕੀ ਦੀਆਂ ਘਟਨਾਵਾਂ ਵਿਚ ਉਨ੍ਹਾਂ ਦੀ ਆਵਾਜ਼ ਨੂੰ ਦਬਾ ਰਹੇ ਹਨ। ਅਜਿਹੇ ਵਿਚ ਸਕੂਲਾਂ ਦੇ ਬਾਹਰ ਚੈਕਿੰਗ ਵਧਾ ਕੇ ਬੱਚਿਆਂ ਨੂੰ ਨਸ਼ਿਆਂ ਦੇ ਸੰਕਟ ਤੋਂ ਬਚਾਇਆ ਜਾਣਾ ਚਾਹੀਦਾ ਹੈ।

ਇਸ ਦੇ ਨਾਲ ਹੀ ਮੰਗ ਕੀਤੀ ਗਈ ਕਿ ਪੁਲਿਸ ਅਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀ ਸਕੂਲਾਂ ਵਿਚ ਬੱਚਿਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀ ਸੁਰੱਖਿਆ ਅਤੇ ਪੜ੍ਹਾਈ ਨਾਲ ਸਬੰਧਤ ਮਸਲਿਆਂ ਨੂੰ ਸਮਝਣ। ਇਸ ਨਾਲ ਬੱਚਿਆਂ ਵਿਚ ਆਤਮ ਵਿਸ਼ਵਾਸ ਪੈਦਾ ਹੋਵੇਗਾ।

ਇਸ ਦੇ ਨਾਲ ਹੀ ਇਹ ਕਿਹਾ ਗਿਆ ਹੈ ਕਿ ਤੰਬਾਕੂ ਮੁਕਤ ਵਿਦਿਅਕ ਸੰਸਥਾ ਗਾਈਡਲਾਈਨਜ਼ ਰਿਵਾਈਜ਼ਡ, 2020 ਨੂੰ ਲਾਗੂ ਕੀਤਾ ਜਾਵੇ। ਬੀਤੀ 18 ਦਸੰਬਰ ਨੂੰ ਬਾਲ ਸੰਸਦ ਵਿਚ ਇਹ ਮੁੱਦਾ ਉਠਾਇਆ ਗਿਆ ਸੀ। ਸਿੱਖਿਆ ਸਕੱਤਰ ਵੱਲੋਂ ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਸਕੂਲਾਂ ਦੇ ਆਲੇ-ਦੁਆਲੇ ਅਚਨਚੇਤ ਚੈਕਿੰਗ ਕੀਤੀ ਜਾਵੇ। ਇਹ ਜਾਣਕਾਰੀ ਚੰਡੀਗੜ੍ਹ ਪੁਲਿਸ ਨਾਲ ਵੀ ਸਾਂਝੀ ਕੀਤੀ ਜਾਵੇ ਤਾਂ ਜੋ ਪੁਲਿਸ ਦਾ ਸਹਿਯੋਗ ਲਿਆ ਜਾ ਸਕੇ।

ਦੱਸ ਦੇਈਏ ਕਿ ਚਾਈਲਡ ਪਾਰਲੀਮੈਂਟ ਵਿਚ ਪੈਨਲਿਸਟ ਰਹੇ ਸਮਾਜ ਸੇਵਕ ਅਮਿਤ ਸ਼ਰਮਾ ਨੇ ਚੰਡੀਗੜ੍ਹ ਦੇ ਸਲਾਹਕਾਰ, ਡੀਜੀਪੀ, ਐਸਐਸਪੀ ਅਤੇ ਸਿੱਖਿਆ ਸਕੱਤਰ ਨੂੰ ਪੱਤਰ ਲਿਖ ਕੇ ਇਸ ਮਾਮਲੇ ਵਿਚ ਕਾਰਵਾਈ ਦੀ ਮੰਗ ਕੀਤੀ ਸੀ। ਇਹ ਬਾਲ ਪਾਰਲੀਮੈਂਟ ਚੰਡੀਗੜ੍ਹ ਅਰਬਨ ਫੈਸਟੀਵਲ ਅਤੇ ਡੌਨ ਬਾਸਕੋ ਨਵਜੀਵਨ ਸੁਸਾਇਟੀ ਵੱਲੋਂ ਕਰਵਾਈ ਗਈ।

ਦੱਸ ਦੇਈਏ ਕਿ ਚੰਡੀਗੜ੍ਹ ਵਿਚ ਕੁੱਲ 113 ਸਰਕਾਰੀ ਸਕੂਲ ਹਨ ਅਤੇ ਇਨ੍ਹਾਂ ਵਿਚੋਂ 43 ਸੀਨੀਅਰ ਸੈਕੰਡਰੀ ਸਕੂਲ ਹਨ। ਇਥੇ 54 ਹਾਈ ਸਕੂਲ ਅਤੇ 12 ਮਿਡਲ ਸਕੂਲ ਹਨ। ਇਸ ਤੋਂ ਇਲਾਵਾ 4 ਪ੍ਰਾਇਮਰੀ ਸਕੂਲ ਹਨ। ਤੁਹਾਨੂੰ ਦੱਸ ਦੇਈਏ ਕਿ ਕੇਂਦਰ ਸਰਕਾਰ ਨੇ ਦੇਸ਼ ਦੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਵੀ TOFEI ਦੇ ਦਿਸ਼ਾ-ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਕਰਨ ਦੇ ਆਦੇਸ਼ ਦਿੱਤੇ ਸਨ।