ਚੰਡੀਗੜ੍ਹ| ਚੰਡੀਗੜ੍ਹ ਦੇ ਸਰਕਾਰੀ ਸਕੂਲ ਦੀ ਨਾਬਾਲਗ ਵਿਦਿਆਰਥਣ ਨੂੰ ਉਸੇ ਦੇ ਸਕੂਲ ਵਿਚ ਪੜ੍ਹਨ ਵਾਲੇ ਨਾਬਾਲਗ ਵਿਦਿਆਰਥੀਆਂ ਵਲੋਂ ਗੈਂਗਰੇਪ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਦੋਸ਼ੀ ਨਾਬਾਲਗ ਵਿਦਿਆਰਥੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰਕੇ ਬਾਲ ਸੁਧਾਰ ਘਰ ਭੇਜ ਦਿੱਤਾ ਹੈ।
ਜਾਣਕਾਰੀ ਮੁਤਾਬਿਕ ਪੀੜਤਾ 7ਵੀਂ ਦੀ ਵਿਦਿਆਰਥਣ ਹੈ। ਪੀੜਤਾ ਨੂੰ ਉਸਦੇ ਗੁਆਂਢ ਵਿਚ ਰਹਿਣ ਵਾਲਾ ਵਿਦਿਆਰਥੀ ਕਾਫੀ ਸਮੇਂ ਤੋਂ ਬਲੈਕਮੇਲ ਕਰ ਰਿਹਾ ਸੀ। ਉਸਦੇ ਕਹਿਣ ਤੋਂ ਪੀੜਤਾ ਨੇ ਇਕ ਦੁਕਾਨ ਦੇ ਗੱਲੇ ਵਿਚੋਂ ਪੈਸੇ ਚੋਰੀ ਕੀਤੇ ਸਨ। ਉਸ ਤੋਂ ਬਾਅਦ ਇਸ ਚੋਰੀ ਨੂੰ ਲੈ ਕੇ ਵਿਦਿਆਰਥਣ ਨੂੰ ਬਲੈਕਮੇਲ ਕਰਨ ਲੱਗਾ।
ਲੰਘੇ ਦਿਨ ਉਸਨੇ ਸਕੂਲ ਦੇ ਹੀ ਚਾਰ ਹੋ ਨਾਬਾਲਗ ਵਿਦਿਆਰਥੀਆਂ ਨਾਲ ਮਿਲ ਕੇ ਵਿਦਿਆਰਥਣ ਨਾਲ ਗੈਂਗਰੇਪ ਕੀਤਾ। ਇਨ੍ਹਾਂ ਵਿਚੋਂ ਇਕ ਮੁਲਜ਼ਮ ਵਿਦਿਆਰਥੀ ਪੀੜਤਾ ਦੀ ਕਲਾਸ ਵਿਚ ਹੀ ਪੜ੍ਹਦਾ ਹੈ। ਦੋਸ਼ ਹੈ ਕਿ ਸਕੂਲ ਵਿਚ ਛੁੱਟੀ ਹੋਣ ਤੋਂ ਬਾਅਦ ਉਕਤ ਵਿਦਿਆਰਥੀਆਂ ਨੇ ਪੀੜਤਾ ਨਾਲ ਝਾੜੀਆਂ ਵਿਚ ਸਮੂਹਿਕ ਬਲਾਤਕਾਰ ਕੀਤਾ।
ਪੀੜਤਾ ਨੇ ਘਰ ਜਾ ਕੇ ਆਪਣੀ ਮਾਂ ਨੂੰ ਸਾਰੀ ਗੱਲ ਦੱਸੀ। ਪੀੜਤਾ ਨੇ ਦੱਸਿਆ ਕਿ ਉਕਤ ਵਿਦਿਆਰਥੀ ਆਪਣੇ ਸਾਥੀਆਂ ਨਾਲ ਮਿਲ ਕੇ ਉਸਨੂੰ ਲਗਾਤਾਰ ਬਲੈਕਮੇਲ ਕਰ ਰਿਹਾ ਸੀ। ਉਸਨੂੰ ਡਰ ਸੀ ਕਿ ਕਿਤੇ ਉਹ ਚੋਰੀ ਵਾਲੀ ਗੱਲ ਉਸਦੇ ਘਰਦਿਆਂ ਨੂੰ ਨਾ ਦੱਸ ਦੇਵੇ।
ਫਿਲਹਾਲ ਚਾਈਲਡ ਹੈਲਪਲਾਈਨ ਦੀ ਸ਼ਿਕਾਇਤ ਉਤੇ ਪੁਲਿਸ ਨੇ ਪੀੜਤਾ ਨਾਲ ਗੈਂਗਰੇਪ ਕਰਨ ਵਾਲੇ ਵਿਦਿਆਰਥੀਆਂ ਉਤੇ ਪਰਚਾ ਦਰਜ ਕਰ ਲਿਆ ਹੈ।