ਹਿਮਾਚਲ ਨੂੰ ਪੰਜਾਬ ਨਾਲ ਜੋੜਨ ਵਾਲਾ ਚੱਕੀ ਰੇਲਵੇ ਪੁਲ ਟੁੱਟਿਆ, ਤੇਜ਼ ਮੀਂਹ ਕਾਰਨ ਵਹਿ ਗਿਆ ਪਿੱਲਰ

0
913

ਹਿਮਾਚਲ। ਪੰਜਾਬ ਨਾਲ ਜੋੜਨ ਵਾਲਾ ਚੱਕੀ ਰੇਲਵੇ ਪੁਲ ਪਹਾੜਾਂ ਵਿਚ ਹੋ ਰਹੀ ਬਾਰਿਸ਼ ਦੇ ਚੱਲਦਿਆਂ ਤੇਜ਼ ਪਾਣੀ ਆਉਣ ਦੇ ਕਾਰਨ ਟੁੱਟ ਗਿਆ ਹੈ। ਅੱਜ ਸਵੇਰੇ ਪੁਲ ਦਾ ਪਿੱਲਰ ਅਚਾਨਕ ਹੀ ਡਿੱਗ ਗਿਆ। ਚੱਕੀ ਖੱਡ ਵਿਚ ਪਾਣੀ ਦਾ ਪੱਧਰ ਵਧਣ ਕਾਰਨ ਆਸਪਾਸ ਦੇ ਲੋਕ ਵਹਾਅ ਦੇਖਣ ਲਈ ਪਹੁੰਚੇ ਸਨ। ਇਸੇ ਦੌਰਾਨ ਇਕਦਮ ਤੋਂ ਪੁਲ ਟੁੱਟ ਗਿਆ।

ਪੁਲ ਟੁੱਟਣ ਨਾਲ ਕਾਂਗੜਾ ਘਾਟੀ ਰੇਲ ਦਾ ਸੰਪਰਕ ਵੀ ਪੂਰੀ ਤਰ੍ਹਾਂ ਟੁੱਟ ਗਿਆ ਹੈ। ਰੇਲਵੇ ਨੇ ਪਿਛਲੇ ਮਹੀਨੇ ਹੀ ਪਠਾਨਕੋਟ ਤੋਂ ਜੋਗੇਂਦਰ ਨਗਰ ਟਰੈਕ ‘ਤੇ ਚੱਲਣ ਵਾਲੇ ਰੂਟ ਮੀਂਹ ਕਾਰਨ ਬੰਦ ਕਰ ਦਿੱਤੇ ਸਨ ਕਿਉਂਕਿ ਰੇਲਵੇ ਦੀ ਟੀਮ ਨੇ ਇਸ ਪੁਲ ਨੂੰ ਅਸੁਰੱਖਿਅਤ ਐਲਾਨ ਦਿੱਤਾ ਸੀ।
ਰੇਲਵੇ ਪੁਲ ਦੇ ਡਿਗਣ ਦਾ ਮੁੱਖ ਕਾਰਨ ਗੈਰ-ਕਾਨੂੰਨੀ ਮਾਈਨਿੰਗ ਹੈ। ਮਾਈਨਿੰਗ ਮਾਫੀਆ ਨੇ ਪੁਲ ਦੇ ਅੱਗੇ ਤੇ ਪਿੱਛੇ ਦੋਵੇਂ ਪਾਸੇ ਮਾਈਨਿੰਗ ਕਰਕੇ ਚੱਕੀ ਖੱਡ ਦੇ ਵਹਾਅ ਨੂੰ ਹੀ ਸਿੰਕੋੜ ਦਿੱਤਾ ਹੈ। ਪੁਲ ਦੇ ਕੋਲ ਹਾਲਾਤ ਅਜਿਹੇ ਹਨ ਕਿ ਇਥੇ ਚੱਕੀ ਖੱਡ ਦਾ ਵਹਾਅ ਸਿਰਫ 12-15 ਮੀਟਰ ਹੀ ਰਹਿ ਗਿਆ ਹੈ।

ਕਾਂਗੜਾ ਘਾਟੀ ਰੇਲ ਦਾ ਫਾਇਦਾ ਚੁੱਕਣ ਵਾਲੇ ਲੋਕਾਂ ਨੂੰ ਉਮੀਦ ਸੀ ਕਿ ਮੀਂਹ ਰੁਕਣ ਨਾਲ ਰੇਲ ਸੇਵਾ ਸ਼ੁਰੂ ਹੋ ਜਾਵੇਗੀ ਤੇ ਉਹ ਲੋਕ ਸਸਤੀ ਰੇਲ ਯਾਤਰਾ ਕਰ ਸਕਣਗੇ ਪਰ ਇਸ ਪੁਲ ਦੇ ਡਿਗ ਜਾਣ ਨਾਲ ਮੀਂਹ ਦੇ ਬਾਅਦ ਵੀ ਕਾਂਗੜਾ ਘਾਟੀ ਰੇਲ ਬਹਾਲ ਨਹੀਂ ਹੋ ਸਕੇਗੀ। ਦੱਸ ਦੇਈਏ ਕਿ 2-3 ਸਾਲ ਪਹਿਲਾਂ ਇਥੇ ਰੇਲਵੇ ਪੁਲ ਡਿੱਗਿਆ ਸੀ।