ਨਵੀਂ ਦਿੱਲੀ | ਰੇਲਵੇ ਮੰਤਰਾਲੇ ਨੇ ਪੰਜਾਬ ਵਿਚ ਰੇਲ ਗੱਡੀਆਂ ਚਲਾਉਣ ‘ਤੇ ਪਾਬੰਦੀ ਨੂੰ 12 ਨਵੰਬਰ ਤੱਕ ਵਧਾ ਦਿੱਤਾ ਹੈ। ਇਸ ਗੱਲ ਦੀ ਅਧਿਕਾਰਤ ਤੌਰ ‘ਤੇ ਜਾਣਕਾਰੀ ਦਿੱਤੀ ਗਈ। ਮਿਲੀ ਜਾਣਕਾਰੀ ਅਨੁਸਾਰ ਰੇਲਵੇ ਨੇ 7 ਨਵੰਬਰ ਤੱਕ ਰੇਲ ਗੱਡੀਆਂ ਚਲਾਉਣ ‘ਤੇ ਰੋਕ ਲਗਾ ਦਿੱਤੀ ਸੀ ਜਿਸ ਨੂੰ ਹੁਣ 12 ਨਵੰਬਰ ਤੱਕ ਵਧਾ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਸੂਬੇ ਵਿੱਚ 24 ਸਤੰਬਰ ਤੋਂ ਰੇਲਾਂ ਦੀ ਆਵਾਜਾਈ ਠੱਪ ਹੈ। ਪੰਜਾਬ ਦੀਆਂ ਕਿਸਾਨ ਯੂਨੀਅਨਾਂ ਨੇ 22 ਅਕਤੂਬਰ ਤੋਂ ਮਾਲ ਗੱਡੀਆਂ ਨੂੰ ਹਰੀ ਝੰਡੀ ਦਿੰਦੇ ਹੋਏ ਰੇਲਵੇ ਲਾਈਨਾਂ ਤੋਂ ਧਰਨੇ ਹਟਾ ਲਏ ਸਨ, ਪਰ ਰੇਲਵੇ ਮੰਤਰਾਲੇ ਨੇ ਇਕ ਦਿਨ ਗੱਡੀਆਂ ਚਲਾਉਣ ਤੋਂ ਬਾਅਦ ਦੋ ਨਵੰਬਰ ਲਈ ਗੱਡੀਆਂ ਚਲਾਉਣ ‘ਤੇ ਰੋਕ ਲਗਾ ਦਿੱਤੀ ਸੀ, ਇਸ ਤੋਂ ਬਾਅਦ 7 ਨਵੰਬਰ ਤੱਕ ਪੰਜਾਬ ਅੰਦਰ ਰੇਲਾਂ ਨਾ ਚਲਾਉਣ ਦਾ ਫੈਸਲਾ ਕੀਤਾ ਸੀ। ਰੇਲ ਗੱਡੀਆਂ ਨਾ ਚੱਲਣ ਕਾਰਨ ਸੂਬੇ ਨੂੰ ਆਰਥਿਕ ਤੌਰ ’ਤੇ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ।
ਉਥੇ ਹੀ ਕਿਸਾਨਾਂ ਨੇ 20 ਨਵੰਬਰ ਤੱਕ ਮਾਲ ਗੱਡੀਆਂ ਨੂੰ ਲੰਘਣ ਦੇਣ ਦਾ ਐਲਾਨ ਕੀਤਾ ਸੀ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਲਗਾਤਾਰ ਕੇਂਦਰੀ ਰੇਲ ਮੰਤਰੀ ਨੂੰ ਮਾਲ ਗੱਡੀਆਂ ਚਲਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਸੂਬੇ ਨੂੰ ਜਿਥੇ ਗੱਡੀਆਂ ਨਾ ਚੱਲਣ ਨਾਲ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ ਉਥੇ ਹੀ ਕੋਲੇ ਦੀ ਸਪਲਾਈ ਠੱਪ ਹੋਣ ਕਾਰਨ ਬਿਜਲੀ ਸੰਕਟ ਵੀ ਮੰਡਰਾ ਰਿਹਾ ਹੈ। ਉਥੇ ਹੀ ਰੇਲਵੇ ਵਿਭਾਗ ਦਾ ਅੱਜ ਬਿਆਨ ਆਇਆ ਸੀ ਸੂਬੇ ‘ਚ ਸਿਰਫ ਮਾਲਗੱਡੀਆਂ ਨੂੰ ਚਲਾਏ ਜਾਣ ਦੀ ਇਜਾਜ਼ਤ ਕਿਉਂ ਮੰਗੀ ਜਾ ਰਹੀ ਹੈ। ਯਾਤਰੀ ਤੇ ਮਾਲਗੱਡੀਆਂ ਦੋਵੇਂ ਹੀ ਚੱਲਣਗੀਆਂ। ਸੂਬਾ ਸਰਕਾਰ ਦੀ ਮੰਗ ‘ਤੇ ਸਿਰਫ ਮਾਲਗੱਡੀਆਂ ਨੂੰ ਚਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਹੈ।
ਰੇਲਵੇ ਦੇ ਚੇਅਰਮੈਨ ਨੇ ਕਿਹਾ ਸੀ ਕਿ ਪੰਜਾਬ ਸਰਕਾਰ ਪਹਿਲਾਂ ਸੂਬੇ ਦੇ ਸਾਰੇ ਰੇਲ ਟਰੈਕ ਖਾਲੀ ਕਰਵਾਏ ਉਸ ਤੋਂ ਬਾਅਦ ਹੀ ਅੱਗੇ ਫੈਸਲਾ ਲਿਆ ਜਾ ਸਿਕਦਾ ਹੈ ਕਿਉਂਕਿ ਰੇਲ ਟਰੈਕਸ ‘ਤੇ ਉਸ ਦੇ ਸਟਾਫ ਦੀ ਸੁਰੱਖਿਆ ਇੱਕ ਵੱਡਾ ਮਾਮਲਾ ਹੈ। ਉਥੇ ਹੀ ਅੱਜ ਰੇਲਵੇ ਵੱਲੋਂ ਆਈ ਇਸ ਖਬਰ ਨੇ ਸੂਬੇ ਵਿੱਚ ਗੱਡੀਆਂ ਚੱਲਣ ਦੀ ਉਡੀਕ ਕਰ ਰਹੀ ਪੰਜਾਬ ਸਰਕਾਰ ਨੂੰ ਮੁੜ ਨਿਰਾਸ਼ ਕਰ ਦਿੱਤਾ ਹੈ।