ਜਲੰਧਰ, 5 ਅਕਤੂਬਰ: ਜਲੰਧਰ ਦਿਹਾਤੀ ਪੁਲਿਸ ਨੂੰ 15 ਅਗਸਤ ਨੂੰ ਸ਼ਹਿਰ ਵਿੱਚ ਧਮਾਕਾ ਕਰਨ ਦੀ ਕਥਿਤ ਸਾਜ਼ਿਸ਼ ਦੇ ਮਾਮਲੇ ਵਿੱਚ ਸਫਲਤਾ ਮਿਲੀ ਹੈ। ਪੁਲਿਸ ਨੇ ਬੱਬਰ ਖਾਲਸਾ ਇੰਟਰਨੈਸ਼ਨਲ (BKI) ਮਾਡਿਊਲ ਨਾਲ ਜੁੜੇ ਫਰਾਰ ਮੁਲਜ਼ਮ ਰਣਦੀਪ ਸਿੰਘ ਉਰਫ਼ ਮੋਨੂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਮੁਲਜ਼ਮ ਜਲੰਧਰ ਦੇ ਪਿੰਡ ਢੰਡੇਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।
ਸਰਹੱਦ ਪਾਰੋਂ IED ਲਿਆਉਣ ਦਾ ਦੋਸ਼
ਮੁੱਢਲੀ ਜਾਂਚ ਦੇ ਹਵਾਲੇ ਨਾਲ ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਸਰਹੱਦ ਪਾਰੋਂ ਧਮਾਕਾਖੇਜ਼ ਸਮੱਗਰੀ (IED) ਦੀ ਖੇਪ ਲੈ ਕੇ ਆਇਆ ਸੀ। ਪੁਲਿਸ ਨੂੰ ਸ਼ੱਕ ਹੈ ਕਿ ਇਸ ਸਮੱਗਰੀ ਦੀ ਵਰਤੋਂ 15 ਅਗਸਤ ਨੂੰ ਕਥਿਤ ਹਮਲੇ ਦੀ ਸਾਜ਼ਿਸ਼ ਤਹਿਤ ਕੀਤੀ ਜਾਣੀ ਸੀ।
ਇਸ ਮਾਮਲੇ ਵਿੱਚ ਪਾਕਿਸਤਾਨ ਦੀ ਖੁਫੀਆ ਏਜੰਸੀ ISI ਨਾਲ ਜੁੜੇ ਕਥਿਤ ਨੈੱਟਵਰਕ ਅਤੇ ਬੱਬਰ ਖਾਲਸਾ ਇੰਟਰਨੈਸ਼ਨਲ ਦੀ ਭੂਮਿਕਾ ਸਾਹਮਣੇ ਆਉਣ ਦਾ ਦਾਅਵਾ ਕੀਤਾ ਗਿਆ ਹੈ।
ਪਹਿਲਾਂ ਸਤਬੀਰ ਸਿੰਘ ਵੀ ਹੋਇਆ ਸੀ ਗ੍ਰਿਫ਼ਤਾਰ
ਇਸ ਮਾਮਲੇ ਵਿੱਚ ਪੁਲਿਸ ਨੇ 26 ਜੁਲਾਈ ਨੂੰ ਸਤਬੀਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ਸਮੇਂ ਪੰਜਾਬ ਦੇ ਡੀਜੀਪੀ ਨੇ ਕਥਿਤ ਸਾਜ਼ਿਸ਼ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ।
ਰਣਦੀਪ ਸਿੰਘ ਦੀ ਗ੍ਰਿਫ਼ਤਾਰੀ ਬਾਰੇ ਪੁਲਿਸ ਵੱਲੋਂ ਹਾਲੇ ਵਿਸਥਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਜਾਣਕਾਰੀ ਅਨੁਸਾਰ, ਪੁਲਿਸ ਦੇ ਉੱਚ ਅਧਿਕਾਰੀ ਪ੍ਰੈੱਸ ਕਾਨਫਰੰਸ ਕਰਕੇ ਇਸ ਮਾਮਲੇ ਬਾਰੇ ਹੋਰ ਵੇਰਵੇ ਦੇਣਗੇ।







































