ਹੁਸ਼ਿਆਰਪੁਰ, 17 ਦਸੰਬਰ | ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਮ੍ਰਿਤਕ ਦੇ ਖਾਤੇ ‘ਚੋਂ 1 ਕਰੋੜ 25 ਲੱਖ 55 ਹਜ਼ਾਰ 127 ਰੁਪਏ ਕਢਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿਚ ਥਾਣਾ ਗੜ੍ਹਦੀਵਾਲਾ ਦੀ ਪੁਲਿਸ ਨੇ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।
ਜਾਣਕਾਰੀ ਅਨੁਸਾਰ ਮੁਲਜ਼ਮ ਸ਼ਰਨਜੀਤ ਸਿੰਘ ਪੁੱਤਰ ਕੇਹਰ ਸਿੰਘ ਵਾਸੀ ਜੀਆ ਸਹੋਤਾ ਕਲਾਂ ਥਾਣਾ ਗੜ੍ਹਦੀਵਾਲਾ, ਹੁਸ਼ਿਆਰਪੁਰ ਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਮ੍ਰਿਤਕ ਗੁਰਿੰਦਰਜੀਤ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਜੀਆ ਸਹੋਤਾ ਕਲਾਂ ਥਾਣਾ ਗੜ੍ਹਦੀਵਾਲਾ ਦੇ ਖਾਤੇ ‘ਚੋਂ 1 ਕਰੋੜ 25 ਲੱਖ 55 ਹਜ਼ਾਰ ਰੁਪਏ ਕਢਵਾ ਲਏ। ਪੁਲਿਸ ਨੇ ਮੁਲਜ਼ਮ ਸ਼ਰਨਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਮੁੱਖ ਥਾਣਾ ਅਫਸਰ ਪਰਵਿੰਦਰ ਸਿੰਘ ਨੇ ਦੱਸਿਆ ਕਿ ਸ਼ਰਨਜੀਤ ਗੁਰਿੰਦਰਜੀਤ ਦੀ ਸੇਵਾ ਕਰਦਾ ਸੀ ਅਤੇ ਉਸ ਦੀ ਦੇਖ-ਭਾਲ ਕਰ ਰਿਹਾ ਸੀ। ਸ਼ਰਨਜੀਤ ਸਿੰਘ ਕੇਅਰਟੇਕਰ ਵਜੋਂ ਘਰ ਵਿਚ ਰੱਖਿਆ ਸੀ। ਉਸ ਦੀ ਮੌਤ ਤੋਂ ਬਾਅਦ ਬੈਂਕ ਨਾਲ ਸਬੰਧਤ ਸ਼ਰਨਜੀਤ ਦਾ ਮੋਬਾਇਲ ਉਸ ਕੋਲ ਆ ਗਿਆ ਸੀ। ਉਸ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਉਸ ਦੇ ਮੋਬਾਇਲ ਤੋਂ ਪੈਸੇ ਟਰਾਂਸਫਰ ਕਰਨੇ ਸ਼ੁਰੂ ਕਰ ਦਿੱਤੇ। ਇਸੇ ਤਰ੍ਹਾਂ ਉਸ ਨੇ ਖਾਤੇ ਵਿਚੋਂ ਸਾਰੇ ਪੈਸੇ ਕਢਵਾ ਕੇ ਆਪਣੇ ਖਾਤੇ ਵਿਚ ਜਮ੍ਹਾ ਕਰਵਾ ਦਿੱਤੇ। ਜਾਂਚ ਦੌਰਾਨ ਮੁਲਜ਼ਮ ਇਸ ਧੋਖਾਧੜੀ ਦਾ ਮੁੱਖ ਸਰਗਣਾ ਪਾਇਆ ਗਿਆ। ਉਸ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਕੀ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ।