ਕੈਪਟਨ ਦਾ ਹੁਕਮ – ਨਾਂਦੇੜ ਸਾਹਿਬ ਤੋਂ ਆਉਣ ਵਾਲੀ ਸੰਗਤ ਲਈ 21 ਦਿਨ ਦਾ ਏਕਾਂਤਵਾਸ ਲਾਜ਼ਮੀ – ਪੜੋ ਲੌਕਡਾਊਨ ਬਾਰੇ ਕੀ ਦਿੱਤੇ ਸੰਕੇਤ

0
1498

ਹੋਰਨਾਂ ਥਾਵਾਂ ਤੋਂ ਵੀ ਪੰਜਾਬ ਆਉਣ ਵਾਲੇ ਹਰ ਨਾਗਰਿਕ ਨੂੰ ਏਕਾਂਤਵਾਸ ਵਿੱਚ ਭੇਜੀਆ ਜਾਵੇਗਾ

ਚੰਡੀਗੜ੍ਹ. ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਭਾਵੇਂ ਆਉਂਦੇ ਦਿਨਾਂ ਵਿੱਚ ਬੰਦਸ਼ਾਂ ਤੇ ਸਾਵਧਾਨੀਆਂ ਦੇ ਨਾਲ ਕੁਝ ਛੋਟਾਂ ਦੇਣ ਦੇ ਸੰਕੇਤ ਦਿੱਤੇ ਗਏ ਪਰ ਨਾਲ ਹੀ ਉਨ੍ਹਾਂ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਕੋਵਿਡ ਦੇ ਫੈਲਾਅ ਦੀ ਰੋਕਥਾਮ ਲਈ ਹੋਰਨਾਂ ਥਾਵਾਂ ਤੋਂ ਪੰਜਾਬ ਆਉਣ ਵਾਲੇ ਹਰੇਕ ਨਾਗਰਿਕ ਨੂੰ ਲਾਜ਼ਮੀ 21 ਦਿਨਾਂ ਦੇ ਏਕਾਂਤਵਾਸ ‘ਤੇ ਭੇਜਿਆ ਜਾਵੇਗਾ।

  • ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ  19 ਜਾਨਾਂ ਗੁਆ ਚੁੱਕਾ ਹੈ ਅਤੇ ਅਜੇ ਤੱਕ 330 ਤੋਂ ਵੱਧ ਕੇਸ ਪਾਜ਼ੀਟਿਵ ਆ ਚੁੱਕੇ ਹਨ। ਉਨ੍ਹਾਂ ਕਿਹਾ ਕਿ ਐਨ.ਆਰ.ਆਈ. ਅਤੇ ਤਬਲੀਗੀ ਜਮਾਤ ਤੋਂ ਬਾਅਦ ਹੁਣ ਨਾਂਦੇੜ (ਮਹਾਰਾਸ਼ਟਰ) ਵਿਖੇ ਸਥਿਤ ਗੁਰਦੁਆਰਾ ਹਜ਼ੂਰ ਸਾਹਿਬ ਤੋਂ ਵਾਪਸ ਆ ਰਹੇ ਸ਼ਰਧਾਲੂਆਂ ਨਾਲ ਸੂਬੇ ਵਿੱਚ ਰੋਗ ਦੇ ਫੈਲਾਅ ਦਾ ਤਾਜ਼ਾ ਖਤਰਾ ਖੜਾ ਹੋ ਗਿਆ ਹੈ।

ਉਨ੍ਹਾਂ ਕਿਹਾ ਕਿ ਇਕ ਹੋਰ ਵੱਡੇ ਜਥੇ ਦੇ ਬੁੱਧਵਾਰ ਨੂੰ ਪੰਜਾਬ ਪਹੁੰਚਣ ਦੀ ਉਮੀਦ ਹੈ ਅਤੇ ਸੂਬਾ ਸਰਕਾਰ ਨੇ ਇਨ੍ਹਾਂ ਸਾਰਿਆਂ ਨੂੰ ਰਾਧਾ ਸੁਆਮੀ ਦੇ ਡੇਰਿਆਂ ਵਿੱਚ ਏਕਾਂਤਵਾਸ ‘ਚ ਰੱਖਣ ਦੀ ਯੋਜਨਾ ਬਣਾਈ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਨਾਂਦੇੜ ਸਾਹਿਬ ਤੋਂ ਆਉਣ ਵਾਲੇ ਸ਼ਰਧਾਲੂਆਂ ਅਤੇ ਰਾਜਸਥਾਨ ਤੋਂ ਆਉਣ ਵਾਲੇ ਵਿਦਿਆਰਥੀਆਂ ਤੇ ਮਜ਼ਦੂਰਾਂ ਨੂੰ ਸਰਹੱਦ ਉਤੇ ਹੀ ਰੋਕ ਕੇ ਸਰਕਾਰੀ ਏਕਾਂਤਵਾਸ ਕੇਂਦਰਾਂ ਉਤੇ ਭੇਜਿਆ ਜਾਵੇਗਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ 21 ਦਿਨਾਂ ਲਈ ਉਹ ਦੂਜੇ ਲੋਕਾਂ ਨਾਲ ਘੁਲ-ਮਿਲ ਨਾ ਸਕਣ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੀ ਸਹਾਇਤਾ ਨਾਲ ਪਿਛਲੇ ਤਿੰਨ ਦਿਨਾਂ ਤੋਂ ਪਰਤ ਰਹੇ ਲੋਕਾਂ ਲਈ ਰਾਧਾ ਸੁਆਮੀ ਸਤਿਸੰਗ ਡੇਰਿਆਂ ਨੂੰ ਵੀ ਏਕਾਂਤਵਾਸ ਸਥਾਨ ਵਜੋਂ ਵਰਤਿਆ ਜਾਵੇਗਾ।

ਕਰਫਿਊ ‘ਚ ਢਿਲ ਦੇਣ ਦੇ ਦਿੱਤੇ ਸੰਕੇਤ

ਮੁੱਖ ਮੰਤਰੀ ਨੇ ਇਹ ਐਲਾਨ ਉਸ ਵੇਲੇ ਕੀਤਾ ਜਦੋਂ ਉਨ੍ਹਾਂ ਇਹ ਸੰਕੇਤ ਦਿੱਤਾ ਕਿ ਸੂਬੇ ਨੂੰ ਕੋਵਿਡ-19 ਕਰਫਿਊ/ਲੌਕਡਾਊਨ ਦੀ ਸਥਿਤੀ ਵਿੱਚੋਂ ਬਾਹਰ ਕੱਢਣ ਨੀਤੀ ਘੜਨ ਵਾਸਤੇ ਬਣਾਈ ਮਾਹਿਰਾਂ ਦੀ ਕਮੇਟੀ ਦੀ ਰਿਪੋਰਟ ਦੇ ਆਧਾਰ ‘ਤੇ ਸਾਰੀਆਂ ਸਾਵਧਾਨੀਆਂ ਦਾ ਖਿਆਲ ਰੱਖਦੇ ਹੋਏ ਉਨ੍ਹਾਂ ਦੀ ਸਰਕਾਰ ਕੁਝ ਢਿੱਲ ਦੇ ਸਕਦੀ ਹੈ।

  • ਵਿਧਾਇਕਾਂ ਵਿੱਚ ਵੱਡੇ ਪੱਧਰ ‘ਤੇ ਇਸ ਗੱਲ ਉਤੇ ਸਹਿਮਤੀ ਸੀ ਕਿ ਸਿਰਫ ਕੁਝ ਖੇਤਰਾਂ ਵਿੱਚ ਬਹੁਤ ਸੀਮਤ ਛੋਟਾਂ ਦੇ ਨਾਲ ਬੰਦਸ਼ਾਂ ਨੂੰ ਕੁਝ ਹੋਰ ਹਫਤਿਆਂ ਲਈ ਜਾਰੀ ਰੱਖਿਆ ਜਾਵੇ ਅਤੇ ਸੂਬੇ ਦੀਆਂ ਸਰਹੱਦਾਂ ਦੇ ਨਾਲ ਜ਼ਿਲ੍ਹਿਆਂ ਅਤੇ ਪਿੰਡਾਂ ਦੀਆਂ ਸਰਹੱਦਾਂ ਨੂੰ ਵੀ ਸੀਲ ਰੱਖਿਆ ਜਾਵੇ।
  • ਉਨ੍ਹਾਂ ਬੰਦਸ਼ਾਂ ਨੂੰ ਹਟਾਉਣ ਵਿੱਚ ਬੇਹੱਦ ਸਾਵਧਾਨੀ ਵਰਤਣ ਦੀ ਸਲਾਹ ਦਿੰਦਿਆਂ ਬਾਹਰੀ ਸੰਪਰਕ ਤੇ ਫੈਲਾਅ ਨੂੰ ਸੀਮਤ ਕਰਨ ਲਈ ਕਿਸੇ ਵੀ ਕੋਵਿਡ ਮਰੀਜ਼ ਦਾ ਇਲਾਜ ਉਸ ਦੇ ਸਬੰਧਤ ਜ਼ਿਲੇ ਵਿੱਚ ਹੀ ਕਰਨ ਦੀ ਗੱਲ ਕੀਤੀ।
  • ਮੁੱਖ ਮੰਤਰੀ ਨੇ ਵਿਧਾਇਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਜਨਤਕ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਸਾਰੇ ਇਹਤਿਹਾਤੀ ਉਪਾਵਾਂ ਦੀ ਪਾਲਣਾ ਕਰ ਕੇ ਲੋਕਾਂ ਲਈ ਉਦਾਹਰਨ ਪੇਸ਼ ਕਰਨ। ਵੀਡਿਓ ਕਾਨਫਰੰਸ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਸਮੇਤ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਨੁਮਾਇੰਦੇ ਵੀ ਹਾਜ਼ਰ ਸਨ।
  • ਲੌਕਡਾਊਨ ਹੋਣ ਤੋਂ ਬਾਅਦ 35 ਦਿਨਾਂ ਵਿੱਚ ਕੇਸਾਂ ‘ਚ ਲਗਾਤਾਰ ਵਾਧਾ ਜਾਰੀ ਰਹਿਣ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਵੱਖ-ਵੱਖ ਜਾਣਕਾਰੀ ਅਤੇ ਅਧਿਐਨ ਦੇ ਆਧਾਰ ‘ਤੇ ਇਹ ਸੰਕੇਤ ਦਿੱਤੇ ਹਨ ਕਿ ਇਹ ਰੁਝਾਨ ਜੁਲਾਈ ਤੱਕ ਜਾਰੀ ਰਹੇਗਾ।
  • ਹਾਲਾਂਕਿ ਲੌਕਡਾਊਨ ਦੀ ਲੋੜ ਬਾਰੇ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਲੌਕਡਾਊਨ, ਜਿੱਥੋਂ ਤੱਕ ਸੰਭਵ ਹੋ ਸਕੇ, ਇਸ ਰੋਗ ਦੇ ਫੈਲਾਅ ਨੂੰ ਰੋਕਣ ਲਈ ਜ਼ਰੂਰੀ ਹੈ ਤਾਂ ਕਿ ਸਥਿਤੀ ਬਦਤਰ ਹੋਣ ਦੀ ਸੂਰਤ ‘ਚ ਅਤੇ ਵੈਕਸੀਨ ਦੀ ਉਮੀਦ ਵਿੱਚ ਮੁਲਕ ਚੰਗੀ ਤਰ੍ਹਾਂ ਤਿਆਰੀ ਕਰ ਸਕਦਾ।