ਚੰਡੀਗੜ੍ਹ . ਕੋਰੋਨਾ ਨੇ ਪੰਜਾਬ ਦੀ ਆਰਥਿਕਤਾ ਨੂੰ ਝੰਜੋੜ ਸੁੱਟਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਨਿਆ ਹੈ ਕਿ ਇਸ ਵਿੱਤੀ ਸਾਲ ਦੇ ਅੰਤ ਤੱਕ ਪੰਜਾਬ ਨੂੰ 30,000 ਕਰੋੜ ਰੁਪਏ ਦਾ ਵਿੱਤੀ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਅਨੁਮਾਨ ਹੈ।
ਅੱਜ ਪ੍ਰੈੱਸ ਕਾਨਫਰੰਸ ਦੌਰਾਨ ਕੈਪਟਨ ਨੇ ਕਿਹਾ ਕਿ ਤਾਲਾਬੰਦੀ ਵਧਾਉਣ ਜਾਂ ਖ਼ਤਮ ਕਰਨ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਕਿਹਾ ਕਿ ਸਮਾਂ ਹੀ ਦੱਸੇਗਾ ਕਿ ਕਿਹੜੇ ਕਦਮ ਚੁੱਕਣ ਦੀ ਲੋੜ ਪਏਗੀ। ਉਨ੍ਹਾਂ ਸਪਸ਼ਟ ਕੀਤਾ ਕਿ ਇਹ ਕੋਰੋਨਾਵਾਇਰਸ ਦੀ ਲਾਗ ਦੇ ਹਾਲਾਤ ‘ਤੇ ਨਿਰਭਰ ਕਰਦਾ ਹੈ।
ਦਰਅਸਲ ਪਿਛਲੇ ਦਿਨਾਂ ਤੋਂ ਚਰਚਾ ਚੱਲ ਰਹੀ ਸੀ ਕਿ ਕੈਪਟਨ ਸਰਕਾਰ 30 ਜੂਨ ਤੋਂ ਮੁੜ ਲੌਕਡਾਊਨ ਲਾਗੂ ਕਰਨ ਜਾ ਰਹੀ ਹੈ। ਉਂਝ ਕੈਪਟਨ ਪਹਿਲਾਂ ਵੀ ਸਪਸ਼ਟ ਕਰ ਚੁੱਕੇ ਹਨ ਕਿ ਇਸ ਬਾਰੇ ਫੈਸਲਾ ਹਾਲਾਤ ਨੂੰ ਵੇਖਦਿਆਂ ਹੀ ਲਿਆ ਜਾਏਗਾ।
ਮਾਰਚ ਵਿੱਚ ਕਰਫਿਊ ਤੇ ਲੌਕਡਾਊਨ ਲਾਏ ਜਾਣ ਤੋਂ ਬਾਅਦ ਕੈਪਟਨ ਪਹਿਲੀ ਵਾਰ ਅੱਜ ਸਿੱਧੇ ਮੀਡੀਆ ਨਾਲ ਮੁਖਾਤਬ ਹੋਏ ਸੀ। ਇਸ ਤੋਂ ਪਹਿਲਾਂ ਮੁੱਖ ਮੰਤਰੀ ਵੀਡੀਓ ਕਾਨਫਰੰਸਿੰਗ ਰਾਹੀਂ ਮੀਡੀਆ ਨਾਲ ਗੱਲਬਾਤ ਕਰਦੇ ਸਨ।