ਚੰਡੀਗੜ੍ਹ | ਪੰਜਾਬ ਕਾਂਗਰਸ ‘ਚ ਚੱਲ ਰਿਹਾ ਅੰਦਰੂਨੀ ਕਲੇਸ਼ ਹੁਣ ਸਿਖਰਾਂ ‘ਤੇ ਪਹੁੰਚ ਚੁੱਕਾ ਹੈ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੁਰਸੀ ਵੀ ਖ਼ਤਰੇ ‘ਚ ਵਿਖਾਈ ਦੇ ਰਹੀ ਹੈ। ਕੈਪਟਨ ਤੋਂ ਨਾਖੁਸ਼ 40 ਵਿਧਾਇਕਾਂ ਦੀ ਚਿੱਠੀ ਮਗਰੋਂ ਕਾਂਗਰਸ ਹਾਈਕਮਾਨ ਨੇ ਵੱਡਾ ਫੈਸਲਾ ਲੈਂਦਿਆਂ ਸ਼ਾਮ 5 ਵਜੇ ਚੰਡੀਗੜ੍ਹ ਪੰਜਾਬ ਕਾਂਗਰਸ ਭਵਨ ‘ਚ ਵਿਧਾਇਕ ਦਲ ਦੀ ਹੰਗਾਮੀ ਮੀਟਿੰਗ ਸੱਦੀ ਹੈ।
ਸੂਤਰਾਂ ਅਨੁਸਾਰ ਕਾਂਗਰਸ ਹਾਈਕਮਾਨ ਨੇ ਕੈਪਟਨ ਅਮਰਿੰਦਰ ਸਿੰਘ ਤੋਂ ਅਸਤੀਫ਼ਾ ਮੰਗ ਲਿਆ ਹੈ। ਇਸ ਤੋਂ ਇਲਾਵਾ ਸ਼ਾਮ ਨੂੰ ਹੋਣ ਵਾਲੀ ਵਿਧਾਇਕਾਂ ਦੀ ਮੀਟਿੰਗ ‘ਚ ਨਵਾਂ ਮੁੱਖ ਮੰਤਰੀ ਚੁਣਨ ਦਾ ਆਦੇਸ਼ ਦਿੱਤਾ ਹੈ ਪਰ ਮੁੱਖ ਮੰਤਰੀ ਕੈਪਟਨ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਵਿੱਚ ਸ਼ਿਰਕਤ ਨਹੀਂ ਕਰਨਗੇ। ਕੈਪਟਨ ਨੇ ਹਾਈਕਮਾਨ ਨੂੰ ਸੁਨੇਹਾ ਭੇਜਿਆ ਹੈ ਕਿ ਜੇ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਇਆ ਤਾਂ ਪਾਰਟੀ ਵੀ ਛੱਡ ਦੇਵਾਂਗਾ।
ਕੈਪਟਨ ਨੇ ਕਮਲਨਾਥ ਅਤੇ ਮਨੀਸ਼ ਤਿਵਾੜੀ ਰਾਹੀਂ ਕਾਂਗਰਸ ਹਾਈਕਮਾਨ ਤੱਕ ਇਹ ਸੁਨੇਹਾ ਪਹੁੰਚਾਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅੱਜ ਹੀ ਸਾਰਾ ਨਿਬੇੜਾ ਕਰ ਦਓ। ਇਸ ਦੌਰਾਨ ਕੈਪਟਨ ਨੇ ਕਿਹਾ ਕਿ ਕਾਂਗਰਸ ਮੇਰੇ ਚਿਹਰੇ ਕਰਕੇ ਸੱਤਾ ਵਿੱਚ ਆਈ ਹੈ। ਮੈਂ ਵਾਅਦੇ ਪੂਰੇ ਕਰਨ ਵਿੱਚ ਕਾਮਯਾਬ ਰਿਹਾ ਹਾਂ। ਪੰਜਾਬ ਦੇ ਲੋਕ ਸਥਿਰ ਸਰਕਾਰ ਚਾਹੁੰਦੇ ਸੀ, ਮੈਨੂੰ ਪਹਿਲੇ ਦਿਨ ਤੋਂ ਹੀ ਹਟਾਉਣ ਦੀ ਕੋਸ਼ਿਸ਼ ਹੋ ਰਹੀ ਹੈ।
ਜਾਣਕਾਰੀ ਅਨੁਸਾਰ ਪੰਜਾਬ ਦੇ 4 ਕੈਬਨਿਟ ਮੰਤਰੀਆਂ ਨੇ ਆਪਣੇ ਖੇਮੇ ਦੇ ਵਿਧਾਇਕਾਂ ਨਾਲ ਰਾਬਤਾ ਕਾਇਮ ਕਰਨਾ ਸ਼ੁਰੂ ਕੀਤਾ ਹੈ। ਸੁਨੀਲ ਜਾਖੜ ਤੋਂ ਇਲਾਵਾ ਹਾਈਕਮਾਨ ਨੇ ਪ੍ਰਤਾਪ ਬਾਜਵਾ, ਮਨੀਸ਼ ਤਿਵਾੜੀ, ਰਜਿੰਦਰ ਕੌਰ ਭੱਠਲ ਨਾਲ ਤਾਲਮੇਲ ਵਧਾਇਆ ਹੈ। ਸੋਨੀਆ ਗਾਂਧੀ ਨੇ ਸੁਨੀਲ ਜਾਖੜ ਨੂੰ ਫੋਨ ਕਰਕੇ ਚੇਨਈ ਤੋਂ ਵਾਪਸ ਸੱਦਿਆ ਹੈ।
ਸੂਤਰਾਂ ਅਨੁਸਾਰ ਸੁਨੀਲ ਜਾਖੜ ਨੂੰ ਲਿਆ ਕੇ ਹਿੰਦੂ ਚਿਹਰਾ ਅੱਗੇ ਲਿਆਂਦਾ ਜਾ ਸਕਦਾ ਹੈ ਅਤੇ ਤ੍ਰਿਪਤ ਬਾਜਵਾ ਤੇ ਸੁੱਖੀ ਰੰਧਾਵਾ ਦਾ ਨਾਂ ਵੀ ਵਿਚਾਰ ਅਧੀਨ ਹੈ। ਕੈਪਟਨ ਖੇਮੇ ਦੇ ਵਿਧਾਇਕਾਂ ਅਤੇ ਮੰਤਰੀਆਂ ਨੂੰ 2 ਵਜੇ ਦਾ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ‘ਤੇ ਬੈਠਕ ਦਾ ਸੱਦਾ ਦਿੱਤਾ ਗਿਆ ਹੈ।
(ਨੋਟ –ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)