ਕੈਨੇਡਾ ਦਾ 4000 ਕਰੋੜ ਦਾ ਡਰੱਗਜ਼ ਮਾਮਲਾ : ਗਲਤ ਨੌਜਵਾਨ ਦੀ ਫੋਟੋ ਵਾਇਰਲ, ਵੀਡੀਓ ਜਾਰੀ ਕਰ ਕੇ ਨੌਜਵਾਨ ਨੇ ਦੱਸੀ ਸੱਚਾਈ

0
856

ਜਲੰਧਰ, 8 ਨਵੰਬਰ | ਕੈਨੇਡਾ ‘ਚ ਹੁਣ ਤੱਕ ਦੀ ਸਭ ਤੋਂ ਵੱਡੀ ਡਰੱਗ ਬਰਾਮਦਗੀ ‘ਚ ਹਾਲ ਹੀ ‘ਚ ਪੰਜਾਬ ਦੇ ਜਲੰਧਰ ਦਾ ਕੁਨੈਕਸ਼ਨ ਸਾਹਮਣੇ ਆਇਆ ਹੈ। ਇਸ ਮਾਮਲੇ ਵਿਚ ਗਗਨਪ੍ਰੀਤ ਸਿੰਘ ਰੰਧਾਵਾ ਵਾਸੀ ਅਲਾਵਲਪੁਰ, ਜਲੰਧਰ ਨੂੰ ਮੁੱਖ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਸੀ ਪਰ ਹੁਣ ਗਗਨਪ੍ਰੀਤ ਸਿੰਘ ਰੰਧਾਵਾ ਦੇ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਦਾ ਪੁੱਤਰ ਕੈਨੇਡਾ ਵਿਚ ਸੁਰੱਖਿਅਤ ਹੈ। ਪਰਿਵਾਰ ਨੇ ਕੈਨੇਡਾ ਰਹਿੰਦੇ ਬੇਟੇ ਦੀ ਵੀਡੀਓ ਵੀ ਜਾਰੀ ਕੀਤੀ ਹੈ।

ਵੀਡੀਓ ਵਿਚ ਗਗਨਪ੍ਰੀਤ ਸਿੰਘ ਰੰਧਾਵਾ ਕਹਿ ਰਿਹਾ ਹੈ ਕਿ ਮੈਂ ਗੋਲਪਿੰਡ, ਜਲੰਧਰ ਦਾ ਰਹਿਣ ਵਾਲਾ ਹਾਂ ਅਤੇ ਮੇਰੇ ਪਿਤਾ ਦਾ ਨਾਮ ਕੁਲਵੰਤ ਸਿੰਘ ਹੈ। ਇਕ ਨਿੱਜੀ ਅਖਬਾਰ ਨੇ ਮੇਰੇ ਨਾਂ ‘ਤੇ ਖਬਰ ਛਾਪੀ ਹੈ। ਉਕਤ ਖਬਰ ਪੂਰੀ ਤਰ੍ਹਾਂ ਗਲਤ ਹੈ। ਮੈਂ ਕੈਨੇਡਾ ਵਿਚ ਪੂਰੀ ਤਰ੍ਹਾਂ ਸੁਰੱਖਿਅਤ ਹਾਂ ਅਤੇ ਮੇਰਾ ਨਾਮ ਕਿਸੇ ਵੀ ਮਾਮਲੇ ਵਿਚ ਨਹੀਂ ਹੈ। ਨਾ ਹੀ ਮੇਰਾ ਇਸ ਕੇਸ ਨਾਲ ਕੋਈ ਲੈਣਾ-ਦੇਣਾ ਹੈ। ਇਹ ਬਿਲਕੁਲ ਫਰਜ਼ੀ ਖਬਰ ਹੈ। ਰੰਧਾਵਾ ਦਾ ਅਕਸਰ ਆਪਣੇ ਪਿੰਡ ਜਾਣਾ ਰਹਿੰਦਾ ਸੀ।

ਇਸ ਦੇ ਨਾਲ ਹੀ ਥਾਣਾ ਅਲਾਵਲਪੁਰ ਦੀ ਪੁਲਿਸ ਕੋਲ ਵੀ ਗਗਨਪ੍ਰੀਤ ਰੰਧਾਵਾ ਖ਼ਿਲਾਫ਼ ਕੋਈ ਰਿਕਾਰਡ ਨਹੀਂ ਹੈ। ਪੂਰੇ ਪਿੰਡ ਦਾ ਸਭ ਤੋਂ ਵੱਡਾ ਬੰਗਲਾ ਵੀ ਰੰਧਾਵੇ ਦਾ ਸੀ। ਦੱਸ ਦੇਈਏ ਕਿ ਕੈਨੇਡਾ ‘ਚ 4 ਹਜ਼ਾਰ ਕਰੋੜ ਰੁਪਏ ਦੇ ਡਰੱਗ ਮਾਮਲੇ ‘ਚ ਗਗਨਪ੍ਰੀਤ ਸਿੰਘ ਨਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੋਵਾਂ ਦਾ ਨਾਂ ਇੱਕੋ ਹੋਣ ਕਾਰਨ ਜਲੰਧਰ ਦੇ ਅਲਾਵਲਪੁਰ ਦੇ ਰਹਿਣ ਵਾਲੇ ਗਗਨਪ੍ਰੀਤ ਸਿੰਘ ਦੀ ਫੋਟੋ ਵਾਇਰਲ ਹੋਣ ਲੱਗੀ, ਜਿਸ ਤੋਂ ਬਾਅਦ ਪਰਿਵਾਰ ਨੇ ਬਿਆਨ ਜਾਰੀ ਕੀਤਾ।

(Note : ਜਲੰਧਰ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/MV24q ਜਾਂ ਵਟਸਐਪ ਚੈਨਲ https://shorturl.at/AXVJ9 ਨਾਲ ਜ਼ਰੂਰ ਜੁੜੋ।)