ਨਵੀਂ ਦਿੱਲੀ, 30 ਜਨਵਰੀ | ਕੇਂਦਰੀ ਬਜਟ ਪੇਸ਼ ਹੋਣ ਤੋਂ ਠੀਕ ਪਹਿਲਾਂ ਅੱਜ ਭਾਰਤੀ ਸ਼ੇਅਰ ਬਾਜ਼ਾਰ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਸ਼ੁੱਕਰਵਾਰ ਨੂੰ ਕਾਰੋਬਾਰ ਸ਼ੁਰੂ ਹੁੰਦਿਆਂ ਹੀ ਮਹਿਜ਼ 15 ਮਿੰਟਾਂ ਦੇ ਅੰਦਰ ਨਿਵੇਸ਼ਕਾਂ ਦੇ ਲਗਭਗ 4 ਲੱਖ ਕਰੋੜ ਰੁਪਏ ਸਵਾਹ ਹੋ ਗਏ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਵੱਲੋਂ 1 ਫਰਵਰੀ (ਐਤਵਾਰ) ਨੂੰ ਪੇਸ਼ ਕੀਤੇ ਜਾਣ ਵਾਲੇ ਬਜਟ ਤੋਂ ਪਹਿਲਾਂ ਨਿਵੇਸ਼ਕਾਂ ਵਿੱਚ ਘਬਰਾਹਟ ਅਤੇ ਸਾਵਧਾਨੀ ਵਾਲਾ ਮਾਹੌਲ ਦੇਖਿਆ ਜਾ ਰਿਹਾ ਹੈ।

ਬਾਜ਼ਾਰ ਖੁੱਲ੍ਹਦੇ ਹੀ ਸੈਂਸੈਕਸ 625 ਅੰਕ ਟੁੱਟ ਕੇ 81,941 ਦੇ ਪੱਧਰ ‘ਤੇ ਆ ਗਿਆ, ਜਦਕਿ ਨਿਫਟੀ ਵੀ 194 ਅੰਕਾਂ ਦੀ ਗਿਰਾਵਟ ਨਾਲ 25,224 ‘ਤੇ ਫਿਸਲ ਗਿਆ। ਮਾਹਿਰਾਂ ਅਨੁਸਾਰ, ਨਿਵੇਸ਼ਕਾਂ ਵੱਲੋਂ ਕੀਤੀ ਗਈ ਭਾਰੀ ‘ਪ੍ਰੋਫਿਟ ਬੁਕਿੰਗ’ (ਮੁਨਾਫ਼ਾ ਵਸੂਲੀ) ਅਤੇ ਆਉਣ ਵਾਲੇ ਬਜਟ ਵਿੱਚ ਪੂੰਜੀਗਤ ਲਾਭ ਟੈਕਸ (Capital Gains Tax) ਨੂੰ ਲੈ ਕੇ ਬਣੀ ਅਨਿਸ਼ਚਿਤਤਾ ਇਸ ਗਿਰਾਵਟ ਦਾ ਮੁੱਖ ਕਾਰਨ ਹੈ।
ਇਸ ਵਾਰ ਬਜਟ ਤੋਂ ਆਮ ਆਦਮੀ ਅਤੇ ਉਦਯੋਗ ਜਗਤ ਨੂੰ ਵੱਡੀਆਂ ਉਮੀਦਾਂ ਹਨ। ਕ੍ਰਿਪਟੋ ਨਿਵੇਸ਼ਕ 30% ਟੈਕਸ ਘਟਾਉਣ ਦੀ ਮੰਗ ਕਰ ਰਹੇ ਹਨ, ਜਦਕਿ ਰੀਅਲ ਅਸਟੇਟ ਸੈਕਟਰ ਸਸਤੇ ਘਰਾਂ ਲਈ ਰਾਹਤ ਦੀ ਉਡੀਕ ਵਿੱਚ ਹੈ। ਦੂਜੇ ਪਾਸੇ, ਆਰਥਿਕ ਸਰਵੇਖਣ 2026 ਨੇ ਭਾਰਤ ਦੀ ਵਿਕਾਸ ਦਰ 6.8% ਤੋਂ 7.2% ਦੇ ਵਿਚਕਾਰ ਰਹਿਣ ਦਾ ਭਰੋਸਾ ਜਤਾਇਆ ਹੈ। ਜ਼ਿਕਰਯੋਗ ਹੈ ਕਿ ਇਸ ਐਤਵਾਰ ਨੂੰ ਬਜਟ ਵਾਲੇ ਦਿਨ ਵੀ ਸ਼ੇਅਰ ਬਾਜ਼ਾਰ ਖੁੱਲ੍ਹੇ ਰਹਿਣਗੇ।







































