ਪੰਜਾਬ ‘ਚ ਭਾਰਤ-ਪਾਕਿ ਸਰਹੱਦ ‘ਤੇ BSF ਨੇ ਡਰੋਨ ਡੇਗਿਆ, 5 ਕਿਲੋ ਹੈਰੋਇਨ ਵੀ ਬਰਾਮਦ

0
971

ਤਰਨਤਾਰਨ। ਸਰਹੱਦੀ ਸੁਰੱਖਿਆ ਬਲ (ਬੀ.ਐੱਸ.ਐੱਫ.) ਦੇ ਜਵਾਨਾਂ ਅਤੇ ਪੰਜਾਬ ਪੁਲਸ ਨੇ ਤਰਨਤਾਰਨ ‘ਚ ਅੰਤਰਰਾਸ਼ਟਰੀ ਸਰਹੱਦ ‘ਤੇ ਪਾਕਿਸਤਾਨ ਵੱਲੋਂ ਹੈਰੋਇਨ ਦੀ ਤਸਕਰੀ ਕਰਨ ਦੀ ਕੋਸ਼ਿਸ਼ ਨੂੰ ਨਾਕਾਮ ਕਰਦੇ ਹੋਏ ਪਾਕਿਸਤਾਨੀ ਡਰੋਨ ਨੂੰ ਡੇਗ ਦਿੱਤਾ। ਡਾਊਨ ਕੀਤੇ ਗਏ ਡਰੋਨ ‘ਚੋਂ ਕਰੀਬ 5 ਕਿਲੋ ਹੈਰੋਇਨ ਬਰਾਮਦ ਹੋਈ ਹੈ।

ਬੀਐਸਐਫ ਦੇ ਲੋਕ ਸੰਪਰਕ ਅਧਿਕਾਰੀ ਨੇ ਦੱਸਿਆ ਕਿ ਤਰਨਤਾਰਨ ਪੁਲਿਸ ਦੇ ਬੀਐਸਐਫ ਨਾਲ ਸਾਂਝੇ ਖੋਜ ਅਭਿਆਨ ਵਿੱਚ ਸਰਹੱਦ ਦੇ ਨਾਲ ਤਾਇਨਾਤ ਬੀਐਸਐਫ ਦੇ ਜਵਾਨਾਂ ਨੇ ਭਾਰਤ-ਪਾਕਿਸਤਾਨ ਸਰਹੱਦ ਦੇ ਨੇੜੇ ਪੈਂਦੇ ਖੇਤਰ ਵਿੱਚ ਪਾਕਿਸਤਾਨ ਤੋਂ ਭਾਰਤੀ ਖੇਤਰ ਵਿੱਚ ਦਾਖਲ ਹੋਣ ਵਾਲੇ ਇੱਕ ਸ਼ੱਕੀ ਡਰੋਨ ਦੀ ਗੂੰਜ ਸੁਣੀ ਸੀ।

ਜਾਣਕਾਰੀ ਦਿੰਦਿਆਂ ਪੰਜਾਬ ਪੁਲਿਸ ਦੇ ਡੀਜੀਪੀ ਨੇ ਦੱਸਿਆ ਕਿ ਬੀਐਸਐਫ ਨਾਲ ਸਾਂਝੇ ਸਰਚ ਅਭਿਆਨ ਵਿੱਚ ਤਰਨਤਾਰਨ ਪੁਲਿਸ ਨੇ ਭਾਰਤ-ਪਾਕਿਸਤਾਨ ਸਰਹੱਦ ਨੇੜੇ ਖੇਤਾਂ ਵਿੱਚੋਂ ਆਧੁਨਿਕ ਤਕਨੀਕ ਨਾਲ ਲੈਸ ਹੈਕਸਾਕਾਪਟਰ ਡਰੋਨ ਅਤੇ 5 ਕਿਲੋ ਹੈਰੋਇਨ ਵਾਲਾ ਇੱਕ ਪੈਕੇਟ ਬਰਾਮਦ ਕੀਤਾ ਹੈ।