ਨਵਾਂਸ਼ਹਿਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਕਸਬਾ ਬੀਣੇਵਾਲ ਨਜ਼ਦੀਕ ਪਿੰਡ ਡੱਲੇਵਾਲ ਵਿਖੇ ਇਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਰਜਿੰਦਰ ਕੁਮਾਰ ਉਰਫ ਰਵੀ (23) ਪੁੱਤਰ ਨਸੀਬ ਚੰਦ ਵਜੋਂ ਹੋਈ ਹੈ। ਮ੍ਰਿਤਕ 2 ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਪਿਤਾ ਦੀ ਵੀ ਤਕਰੀਬਨ 20 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ।
ਪਿੰਡ ਵਾਲਿਆਂ ਨੇ ਦੱਸਿਆ ਕਿ 6 ਅਪ੍ਰੈਲ ਨੂੰ ਦੁਪਹਿਰ ਕਰੀਬ 12 ਵਜੇ ਰਜਿੰਦਰ ਆਪਣੇ ਭਰਾ ਦਾ ਮੋਟਰਸਾਈਕਲ ਲੈ ਕੇ ਦੋਸਤਾਂ ਨਾਲ ਘਰੋਂ ਬਾਹਰ ਗਿਆ ਸੀ। ਉਸ ਤੋਂ ਇਕ ਘੰਟੇ ਬਾਅਦ ਹੀ ਰਵੀ ਦਾ ਮੋਬਾਇਲ ਅਤੇ ਉਸ ਨਾਲ ਗਏ ਨੌਜਵਾਨਾਂ ਦੇ ਫੋਨ ਬੰਦ ਆਉਣ ਲੱਗ ਪਏ। ਫਿਰ ਪਰਿਵਾਰ ਵਾਲੇ ਸਾਰੀ ਰਾਤ ਉਨ੍ਹਾਂ ਦੀ ਭਾਲ ਕਰਦੇ ਰਹੇ ਅਤੇ ਪੁਲਿਸ ਚੌਕੀ ਬੀਣੇਵਾਲ ਵੀ ਇਤਲਾਹ ਦਿੱਤੀ ਪਰ ਉਨ੍ਹਾਂ ਦਾ ਕੋਈ ਪਤਾ ਨਹੀਂ ਲੱਗਾ।
ਸਵੇਰੇ ਜਦੋਂ ਪਿੰਡ ਦੇ ਲੋਕ ਇਕੱਠੇ ਹੋ ਕੇ ਭਾਲ ਕਰ ਰਹੇ ਸਨ ਤਾਂ ਮੈਹਿੰਦਵਾਣੀ ਪਿੰਡ ਤੋਂ ਕਰੈਸ਼ਰ ਨੂੰ ਜਾਂਦੇ ਰਸਤੇ ਵਿਚ ਹਿਮਾਚਲ ਪ੍ਰਦੇਸ਼ ਦੇ ਪਿੰਡ ਗੋਂਦਪੁਰ ਜੈ ਚੰਦ ਦੀ ਹੱਦ ’ਚ ਜੰਗਲ ਵਿਚ ਰਵੀ ਦਾ ਮੋਟਰਸਾਈਕਲ ਕੱਚੇ ਰਸਤੇ ’ਤੇ ਖੜ੍ਹਾ ਮਿਲਿਆ। ਆਲੇ-ਦੁਆਲੇ ਭਾਲ ਕੀਤੀ ਤਾਂ ਮੋਟਰਸਾਈਕਲ ਤੋਂ ਕਰੀਬ ਕੁਝ ਦੂਰ ਝਾੜੀਆਂ ਵਿਚ ਰਵੀ ਦੀ ਲਾਸ਼ ਮਿਲੀ। ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ।