ਪਿਓ ਨਾਲ ਝਗੜੇ ਦੌਰਾਨ ਬਚਾਅ ‘ਚ ਆਈ ਭੈਣ ‘ਤੇ ਭਰਾ ਨੇ ਕੀਤਾ ਹਮਲਾ, ਵੱਢ ਦਿੱਤੀਆਂ ਉਂਗਲਾਂ

0
724

ਫਾਜ਼ਿਲਕਾ, 28 ਸਤੰਬਰ | ਅਰਨੀਵਾਲਾ ‘ਚ ਪਿਤਾ ਤੇ ਭਰਾ ‘ਚ ਹੋਈ ਲੜਾਈ ਦੌਰਾਨ ਭਰਾ ਨੇ ਛੋਟੀ ਭੈਣ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਭੈਣ ਦੇ ਹੱਥ ਦੀਆਂ ਦੋ ਉਂਗਲਾਂ ਕੱਟੀਆਂ ਗਈਆਂ ਤੇ ਉਸ ਦੇ ਸਿਰ ‘ਤੇ ਵੀ ਸੱਟ ਲੱਗੀ ਹੈ।

ਹਸਪਤਾਲ ‘ਚ ਦਾਖਲ ਲੜਕੀ ਕਾਜਲ ਨੇ ਦੱਸਿਆ ਕਿ ਉਸ ਦਾ ਭਰਾ ਜਿਵੇਂ ਹੀ ਘਰ ‘ਚ ਉਸ ਦੇ ਪਿਤਾ ਨਾਲ ਲੜਨ ਲੱਗ ਪਿਆ ਤੇ ਉਸ ਦੇ ਪਿਤਾ ‘ਤੇ ਹਮਲਾ ਕਰਨਾ ਚਾਹਿਆ ਤਾਂ ਉਹ ਉਸ ਨੂੰ ਬਚਾਉਣ ਲਈ ਅੱਗੇ ਆਈ ਤੇ ਤੇਜ਼ਧਾਰ ਹਥਿਆਰ ਕਾਰਨ ਉਸ ਦੀਆਂ ਉਂਗਲਾਂ ਕੱਟੀਆਂ ਗਈਆਂ, ਜਦਕਿ ਉਸ ਦੇ ਭਰਾ ਨੇ ਉਸ ‘ਤੇ ਲੋਹੇ ਦੀ ਰਾਡ ਨਾਲ ਹਮਲਾ ਕੀਤਾ, ਉਸ ਦੇ ਸਿਰ ‘ਤੇ ਸੱਟ ਲੱਗ ਗਈ ਤੇ ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।

ਲੜਕੀ ਦੇ ਪਿਤਾ ਸੂਰਜ ਨੇ ਦੱਸਿਆ ਕਿ ਉਹ ਖਾਣ-ਪੀਣ ਦਾ ਰੇਹੜੀ ਲਾਉਂਦਾ ਹੈ ਅਤੇ ਉਸ ਪੁੱਤ ਅਕਸਰ ਉਸ ਤੋਂ ਤੇ ਰਿਸ਼ਤੇਦਾਰਾਂ ਤੋਂ ਪੈਸੇ ਮੰਗਦਾ ਹੈ ਤੇ ਉਸ ਨਾਲ ਝਗੜਾ ਕਰਦਾ ਹੈ, ਜਿਸ ਕਾਰਨ ਉਸ ਨੂੰ ਬੇਦਖਲ ਕਰ ਦਿੱਤਾ ਸੀ ਤਾਂ ਵੀ ਘਰ ਜ਼ਬਰਦਸਤੀ ਰਹਿੰਦਾ ਹੈ। ਹੁਣ ਉਸ ਨੇ ਕੋਈ ਬਹਾਨਾ ਬਣਾ ਕੇ ਉਸ ਨਾਲ ਝਗੜਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਤਾਂ ਉਸ ਦੀ ਧੀ ਉਸ ਨੂੰ ਬਚਾਉਣ ਲਈ ਅੱਗੇ ਆਈ,ਜਿਸ ਕਾਰਨ ਉਸ ਦੇ ਸਿਰ ਅਤੇ ਹੱਥ ‘ਤੇ ਡੂੰਘੀਆਂ ਸੱਟਾਂ ਲੱਗੀਆਂ।

ਲੜਕੇ ਸਤੀਸ਼ ਕੁਮਾਰ ਨੇ ਦੱਸਿਆ ਕਿ ਉਸ ਦੀ ਭੈਣ ਉਸ ਦੇ ਪਿਤਾ ਨਾਲ ਹੋ ਰਹੇ ਝਗੜੇ ਦੀ ਵੀਡੀਓ ਬਣਾ ਰਹੀ ਸੀ, ਜਦੋਂ ਉਸ ਨੇ ਵਿਰੋਧ ਕੀਤਾ ਤਾਂ ਉਸ ਦੀ ਭੈਣ, ਪਿਤਾ, ਮਾਂ ਅਤੇ ਜਵਾਈ ਨੇ ਉਸ ਦੀ ਕੁੱਟਮਾਰ ਕੀਤੀ। ਉਸ ਨੇ ਕਿਹਾ ਕਿ ਉਹ ਰੇਹੜੀ ਲਾਉਂਦਾ ਹੈ ਤੇ ਉਸ ਦੀ ਰੇਹੜੀ ਨੂੰ ਹਟਾਉਣ ਦੇ ਯਤਨ ਕੀਤੇ ਜਾ ਰਹੇ ਹਨ।

ਜਿਸ ਮਾਮਲੇ ਵਿਚ ਉਹ ਆਪਣੇ ਪਿਤਾ ਨਾਲ ਗੱਲ ਕਰ ਰਿਹਾ ਸੀ, ਉਸ ਵਿਚ ਇੱਕ ਵੀਡੀਓ ਬਣਾਉਣ ਕਾਰਨ ਝਗੜਾ ਹੋਇਆ ਸੀ, ਫਿਲਹਾਲ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਜਾ ਰਹੀ ਹੈ ਤੇ ਪੁਲਿਸ ਹੀ ਮਾਮਲੇ ਦੀ ਜਾਂਚ ਕਰ ਕੇ ਅਸਲੀਅਤ ਸਾਹਮਣੇ ਲਿਆਵੇਗੀ।