ਬਠਿੰਡਾ, 30 ਸਤੰਬਰ | ਸੰਗਤ ਮੰਡੀ ਵਿਚ ਹੋਏ ਇੱਕ ਨੌਜਵਾਨ ਦੇ ਕਤਲ ਦਾ ਪੁਲਿਸ ਨੇ ਖੁਲਾਸਾ ਕੀਤਾ ਹੈ। ਇਸ ਮਾਮਲੇ ‘ਚ ਪੁਲਿਸ ਨੇ ਮ੍ਰਿਤਕ ਦੇ ਸਾਲੇ ਤੇ ਉਸ ਦੇ ਚਾਰ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਚਾਰ ਸਾਲ ਪਹਿਲਾਂ ਮ੍ਰਿਤਕ ਅਕਾਸ਼ਦੀਪ ਸਿੰਘ ਉਰਫ਼ ਖੁਸ਼ੀ ਵਾਸੀ ਸੰਗਤ ਕਲਾਂ ਦਾ ਅੰਤਰਜਾਤੀ ਪ੍ਰੇਮ ਵਿਆਹ ਹੋਇਆ ਸੀ। ਬੀਤੀ 27 ਸਤੰਬਰ ਨੂੰ ਉਹ ਆਪਣੀ ਪਤਨੀ ਅਤੇ 8 ਮਹੀਨੇ ਦੇ ਬੱਚੇ ਨਾਲ ਮੋਟਰਸਾਈਕਲ ’ਤੇ ਸੰਗਤ ਕਲਾਂ ਨੂੰ ਵਾਪਸ ਆ ਰਿਹਾ ਸੀ।
ਜਦੋਂ ਉਹ ਪਿੰਡ ਘੁੱਦਾ ਨੂੰ ਜਾਣ ਵਾਲੀ ਲਿੰਕ ਸੜਕ ’ਤੇ ਸਥਿਤ ਗੁਰਦੁਆਰਾ ਸਾਹਿਬ ਨੇੜੇ ਪੁੱਜਾ ਤਾਂ ਸਾਹਮਣੇ ਤੋਂ 2 ਮੋਟਰਸਾਈਕਲਾਂ ‘ਤੇ ਆਏ ਮ੍ਰਿਤਕ ਦੇ ਸਾਲਾ ਗੁਰਭਿੰਦਰ ਸਿੰਘ ਅਤੇ ਉਸ ਦੇ ਦੋਸਤਾਂ ਕੁਲਵਿੰਦਰ ਸਿੰਘ ਉਰਫ਼ ਕਿੰਦੀ ਭਲਵਾਨ, ਪਰਮਿੰਦਰ ਸਿੰਘ, ਰਾਜਵੀਰ ਸਿੰਘ ਵਾਸੀ ਪਿੰਡ ਫੁੱਲੋ ਮਿੱਠੀ ਜ਼ਿਲਾ ਬਠਿੰਡਾ ਤੇ ਸ਼ਮੀਰ ਖਾਨ ਵਾਸੀ ਵਾਰਡ ਨੰਬਰ 9 ਸੰਗਤ ਮੰਡੀ ਜ਼ਿਲਾ ਬਠਿੰਡਾ ਨੇ ਅਕਾਸ਼ਦੀਪ ਸਿੰਘ ਨੂੰ ਫੜ ਕੇ ਥੱਪੜ ਮਾਰ ਦਿੱਤਾ ਅਤੇ ਉਸ ਨੂੰ ਬਾਈਕ ਤੋਂ ਸੜਕ ‘ਤੇ ਸੁੱਟ ਦਿੱਤਾ।
ਐਸਐਸਪੀ ਨੇ ਦੱਸਿਆ ਕਿ ਇਸ ਤੋਂ ਬਾਅਦ ਹਮਲਾਵਰਾਂ ਨੇ ਜਾਨੋਂ ਮਾਰਨ ਦੀ ਨੀਅਤ ਨਾਲ ਅਕਾਸ਼ਦੀਪ ਦੇ ਸਿਰ ’ਤੇ ਤਲਵਾਰ ਅਤੇ ਪਾਈਪ ਨਾਲ ਵਾਰ ਕੀਤਾ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸੀਆਈਏ ਦੀ ਟੀਮ ਨੇ ਜੈ ਸਿੰਘ ਵਾਲਾ ਤੇ ਕੋਟਗੁਰੂ ਰੋਡ ਤੋਂ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ, ਜਿਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਪੁਲਿਸ ਅਨੁਸਾਰ ਕਾਤਲ ਗੁਰਭਿੰਦਰ ਸਿੰਘ ਦੀ ਭੈਣ ਨੇ ਅੰਤਰਜਾਤੀ ਵਿਆਹ ਕੀਤਾ ਸੀ, ਜਿਸ ਕਾਰਨ ਉਹ ਆਪਣੇ ਜੀਜਾ ਅਕਾਸ਼ਦੀਪ ਨਾਲ ਰੰਜਿਸ਼ ਰੱਖਦਾ ਸੀ। ਇਸੇ ਰੰਜਿਸ਼ ਕਾਰਨ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਕਤਲ ਨੂੰ ਅੰਜਾਮ ਦਿੱਤਾ।