ਮੋਗਾ | ਲੋਕ ਇਨਸਾਫ਼ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜਗਮੋਹਨ ਸਿੰਘ ਗਿੱਲ ਨੂੰ ਸਥਾਨਕ ਪੁਲਿਸ ਨੇ ਇਕ ਵਿਆਹੁਤਾ ਔਰਤ ਨਾਲ ਜਬਰ-ਜ਼ਨਾਹ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਨੇ ਅੱਜ ਇੱਥੇ ਇਸ ਦੀ ਪੁਸ਼ਟੀ ਕੀਤੀ ਹੈ।
ਪੀੜਤਾ ਨੇ ਪੁਲਿਸ ਨੂੰ ਦੱਸਿਆ ਕਿ ਉਹ ਵਿਆਹ ਤੋਂ ਬਾਅਦ ਕਿਸੇ ਹੋਰ ਸ਼ਹਿਰ ‘ਚ ਰਹਿ ਰਹੀ ਸੀ। ਕਥਿਤ ਮੁਲਜ਼ਮ ਜਗਮੋਹਨ ਸਿੰਘ ਗਿੱਲ ਸਥਾਨਕ ਸਿਆਸੀ ਸ਼ਖ਼ਸੀਅਤ ਹੋਣ ਕਾਰਨ ਕੁਝ ਮਹੀਨੇ ਪਹਿਲਾਂ ਉਸ ਦੇ ਸੰਪਰਕ ਵਿਚ ਆਇਆ ਸੀ। ਉਸ ਨੇ ਉਸ ਨਾਲ ਜਬਰਨ ਸਰੀਰਕ ਸਬੰਧ ਬਣਾਏ ਤੇ ਜਦੋਂ ਉਸ ਨੇ ਵਿਰੋਧ ਕੀਤਾ ਤਾਂ ਜਗਮੋਹਨ ਨੇ ਉਸ ਨੂੰ ਮੂੰਹ ਖੋਲ੍ਹਣ ‘ਤੇ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ।
ਹਾਲਾਂਕਿ, ਧਮਕੀਆਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਉਸਨੇ ਹਿੰਮਤ ਦਿਖਾਈ ਤੇ ਸਥਾਨਕ ਪੁਲਿਸ ਨੂੰ ਜਿਨਸੀ ਸ਼ੋਸ਼ਣ ਦੀ ਘਟਨਾ ਦੀ ਰਿਪੋਰਟ ਦਿੱਤੀ।
ਜਗਮੋਹਨ ਸਿੰਘ ਪੁੱਤਰ ਰਾਮ ਸਿੰਘ ਨਿਵਾਸੀ ਸਮਾਧ ਭਾਈ ਬਾਘਾਪੁਰਾਣਾ ‘ਤੇ ਇਕ ਹੋਰ ਕਸਬੇ ਦੀ ਨਿਵਾਸੀ 32 ਸਾਲਾ ਔਰਤ ਨੇ ਜਬਰ-ਜ਼ਨਾਹ, ਜਿਨਸੀ ਸ਼ੋਸ਼ਣ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਗੰਭੀਰ ਦੋਸ਼ ਲਾਏ ਗਏ ਹਨ, ਜਿਸ ਦੇ ਆਧਾਰ ‘ਤੇ ਜਗਮੋਹਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਪੀੜਤ ਦੇ ਬਿਆਨਾਂ ‘ਤੇ ਉਸ ਖਿਲਾਫ ਥਾਣਾ ਬਾਘਾਪੁਰਾਣਾ ਵਿਖੇ ਮੁਕੱਦਮਾ ਦਰਜ ਕਰ ਲਿਆ ਹੈ।
ਮੁੱਢਲੀ ਪੁੱਛਗਿੱਛ ਤੋਂ ਬਾਅਦ ਉਸ ਖਿਲਾਫ਼ ਅਪਰਾਧਿਕ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਨ ਤੋਂ ਤੁਰੰਤ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ। ਮੋਗਾ ਸ਼ਹਿਰ ਦੇ ਜ਼ਿਲ੍ਹਾ ਹਸਪਤਾਲ ਵਿੱਚ ਪੀੜਤਾ ਦਾ ਮੈਡੀਕਲ ਕਰਵਾਇਆ ਗਿਆ।