ਬ੍ਰੇਕਿੰਗ : ਫਿਰੋਜ਼ਪੁਰ ਦੇ ਰੈਸਟੋਰੈਂਟ ‘ਚ ਲੜਕੀ ਨਾਲ ਛੇੜਛਾੜ, ਮਦਦ ਲਈ ਆਏ ਨੌਜਵਾਨ ‘ਤੇ ਚਲਾਈ ਗੋਲੀ

0
1444

ਫ਼ਿਰੋਜ਼ਪੁਰ | ਇਥੋਂ ਇਕ ਸ਼ਰਮਨਾਕ ਖਬਰ ਸਾਹਮਣੇ ਆਈ ਹੈ। ਸ਼ਹਿਰ ਦੇ ਕਾਲਜ ਨੇੜੇ ਰੈਸਟੋਰੈਂਟ ਵਿਚ ਪੁੱਜੀ ਲੜਕੀ ਦਾ ਪਿੱਛਾ ਕਰਦੇ ਹੋਏ ਮੁਲਜ਼ਮ ਅੰਦਰ ਪਹੁੰਚ ਗਏ। ਲੜਕੀ ਨਾਲ ਛੇੜਛਾੜ ਹੋਣ ‘ਤੇ ਲੜਕੀ ਨੇ ਰੈਸਟੋਰੈਂਟ ‘ਚ ਬੈਠੇ ਨੌਜਵਾਨ ਤੋਂ ਮਦਦ ਮੰਗੀ। ਪੀਜ਼ਾ ਖਾਣ ਆਏ ਨੌਜਵਾਨ ਨੇ ਜਦੋਂ ਮੁਲਜ਼ਮ ਨੂੰ ਛੇੜਛਾੜ ਕਰਨ ਤੋਂ ਰੋਕਿਆ ਤਾਂ ਮੁਲਜ਼ਮ ਝਗੜਾ ਕਰਨ ਲੱਗ ਪਿਆ ਅਤੇ ਬਾਹਰ ਜਾ ਕੇ ਆਪਣੇ ਹੋਰ ਸਾਥੀਆਂ ਨੂੰ ਬੁਲਾ ਲਿਆ।

ਝਗੜੇ ਦੌਰਾਨ ਮੁਲਜ਼ਮਾਂ ਨੇ ਨੌਜਵਾਨ ’ਤੇ ਗੋਲੀਆਂ ਚਲਾ ਦਿੱਤੀਆਂ। ਮੌਕੇ ‘ਤੇ ਭੀੜ ਇਕੱਠੀ ਹੁੰਦੀ ਦੇਖ ਦੋਸ਼ੀ ਕਾਰ ‘ਚ ਫਰਾਰ ਹੋ ਗਿਆ। ਮਮਦੋਟ ਦੇ ਪਿੰਡ ਟਿੱਬੀ ਖੁਰਦ ਦੇ ਵਸਨੀਕ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਜਦੋਂ ਉਹ ਆਪਣੇ ਦੋਸਤਾਂ ਨਾਲ ਪੀਜ਼ਾ ਦੀ ਦੁਕਾਨ ‘ਤੇ ਪਹੁੰਚਿਆ ਤਾਂ ਇਕ ਲੜਕੀ ਦੁਕਾਨ ਦੇ ਅੰਦਰ ਆਈ। ਅਜੇ ਉਹ ਮੇਜ਼ ‘ਤੇ ਬੈਠੀ ਸੀ ਜਦੋਂ ਪਿੱਛੇ ਤੋਂ ਇਕ ਨੌਜਵਾਨ ਆਇਆ ਅਤੇ ਉਸ ਨੇ ਲੜਕੀ ਨਾਲ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ। ਪਹਿਲਾਂ ਤਾਂ ਉਹ ਚੁੱਪ ਰਹੇ ਪਰ ਲੜਕੀ ਨੇ ਉਨ੍ਹਾਂ ਤੋਂ ਮਦਦ ਮੰਗੀ, ਜਿਸ ਤੋਂ ਬਾਅਦ ਉਸ ਨੇ ਦੋਸ਼ੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।

ਦੋਸ਼ੀ ਉਥੋਂ ਚਲਾ ਗਿਆ ਪਰ ਬਾਹਰ ਜਾ ਕੇ ਆਪਣੇ ਦੋ ਹੋਰ ਸਾਥੀਆਂ ਨੂੰ ਬੁਲਾ ਲਿਆ ਤੇ ਮੁਲਜ਼ਮਾਂ ਨੇ ਉਨ੍ਹਾਂ ਨਾਲ ਲੜਾਈ ਸ਼ੁਰੂ ਕਰ ਦਿੱਤੀ। ਜਦੋਂ ਉਹ ਬਾਈਕ ਚੁੱਕ ਕੇ ਉਥੋਂ ਜਾਣ ਲੱਗੇ ਤਾਂ ਮੁਲਜ਼ਮਾਂ ਨੇ ਉਨ੍ਹਾਂ ਉਪਰ ਕਾਰ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਮੁੱਖ ਮੁਲਜ਼ਮ ਨੇ ਕਾਰ ’ਚੋਂ ਰਿਵਾਲਵਰ ਕੱਢ ਕੇ ਉਸ ’ਤੇ ਗੋਲੀ ਚਲਾ ਦਿੱਤੀ ਪਰ ਉਹ ਵਾਲ-ਵਾਲ ਬਚ ਗਿਆ।

ਲੋਕਾਂ ਨੇ ਦੇਖਿਆ ਤਾਂ ਸਾਰੇ ਹਮਲਾਵਰ ਕਾਰ ‘ਚ ਭੱਜ ਗਏ। ਬਾਅਦ ‘ਚ ਕੀਤੀ ਗਈ ਜਾਂਚ ‘ਚ ਪਤਾ ਲੱਗਾ ਕਿ ਦੋਸ਼ੀ ਦਾ ਨਾਂ ਜੁਗਰਾਜ ਹੈ, ਜੋ ਪਿੰਡ ਲੱਖਾ ਭੇਡੀਆਂ, ਜ਼ਿਲਾ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ।

ਜਾਂਚ ਕਰ ਰਹੇ ਥਾਣਾ ਸਿਟੀ ਦੇ ਏਐਸਆਈ ਅਜਮੇਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਕਰ ਲਈ ਗਈ ਹੈ ਅਤੇ ਜਲਦੀ ਹੀ ਉਹ ਪੁਲਿਸ ਦੀ ਗ੍ਰਿਫ਼ਤ ਵਿੱਚ ਹੋਵੇਗਾ। ਜੁਗਰਾਜ ਤੋਂ ਇਲਾਵਾ ਉਸਦੇ ਦੋ ਅਣਪਛਾਤੇ ਸਾਥੀਆਂ ਖਿਲਾਫ ਵੀ ਮਾਮਲਾ ਦਰਜ ਕਰ ਲਿਆ ਗਿਆ ਹੈ।