ਬ੍ਰੇਕਿੰਗ : ਪੰਜਾਬ ਦੇ 2 ਸਮੱਗਲਰ 30 ਕਿਲੋ ਕੋਕੀਨ ਸਮੇਤ ਜੰਮੂ ਤੋਂ ਹੋਏ ਗ੍ਰਿਫਤਾਰ

0
1009

ਜੰਮੂ/ਊਧਮਪੁਰ, 2 ਅਕਤੂਬਰ | ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਜੰਮੂ ਡਵੀਜ਼ਨ ਦੇ ਰਾਮਬਣ ਜ਼ਿਲ੍ਹੇ ਵਿਚ ਪੁਲਿਸ ਨੇ ਐਤਵਾਰ ਨੂੰ ਨਾਰਕੋ ਟੈਰੋਰਿਜ਼ਮ ਦੇ ਵੱਡੇ ਮਡਿਊਲ ਦਾ ਪਰਦਾਫ਼ਾਸ਼ ਕੀਤਾ ਹੈ। ਪੁਲਿਸ ਨੇ 30 ਕਿੱਲੋ ਕੋਕੀਨ ਨਾਲ ਪੰਜਾਬ ਦੇ 2 ਸਮੱਗਲਰਾਂ ਨੂੰ ਹਿਰਾਸਤ ਵਿਚ ਲਿਆ ਹੈ। ਕੋਕੀਨ ਨੂੰ ਵੱਖ-ਵੱਖ ਪੈਕੇਟਾਂ ਵਿਚ ਲੁਕਾਇਆ ਗਿਆ ਸੀ ਤੇ ਪੰਜਾਬ ਲਿਆਂਦਾ ਜਾਣਾ ਸੀ। ਤਸਕਰਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਜੰਮੂ-ਕਸ਼ਮੀਰ ਪੁਲਿਸ ਨੇ ਪੰਜਾਬ ਪੁਲਿਸ ਨਾਲ ਸੰਪਰਕ ਕੀਤਾ ਹੈ। ਸੂਤਰਾਂ ਮੁਤਾਬਕ ਇਸ ਤਸਕਰੀ ਰਾਹੀਂ ਇਕੱਠੀ ਕੀਤੀ ਜਾਣ ਵਾਲੀ ਰਕਮ ਜੰਮੂ-ਕਸ਼ਮੀਰ ਵਿਚ ਸਰਗਰਮ ਅੱਤਵਾਦੀਆਂ ਤੱਕ ਪਹੁੰਚਾਈ ਜਾਣੀ ਸੀ।

ਐੱਸਐੱਸਪੀ ਰਾਮਬਣ ਮੋਹਿਤ ਸ਼ਰਮਾ ਨੇ ਦੱਸਿਆ ਕਿ ਪੁਖ਼ਤਾ ਸੂਚਨਾ ਹੋਣ ਸਦਕਾ ਬਨੀਹਾਲ ਰੇਲਵੇ ਚੌਕ ’ਤੇ ਸ਼ਨਿੱਚਰਵਾਰ ਨੂੰ ਨਾਕਾ ਲਾਇਆ ਸੀ। ਪੁਲਿਸ ਨੇ ਰਾਤ 10 ਵੱਜ ਕੇ 35 ਮਿੰਟ ’ਤੇ ਜੰਮੂ ਜਾ ਰਹੀ ਕਾਰ ਦੇ ਚਾਲਕ ਨੂੰ ਰੁਕਣ ਦਾ ਇਸ਼ਾਰਾ ਕੀਤਾ। ਜਦਕਿ ਚਾਲਕ ਤੇਜ਼ੀ ਨਾਲ ਕਾਰ ਭਜਾ ਕੇ ਲੈ ਗਏ। ਪੁਲਿਸ ਮੁਲਾਜ਼ਮਾਂ ਨੇ ਪਿੱਛਾ ਕਰਕੇ ਕਾਰ ਸਵਾਰਾਂ ਨੂੰ ਫੜ ਲਿਆ। ਤਲਾਸ਼ੀ ਦੌਰਾਨ ਪੁਲਿਸ ਟੀਮ ਨੂੰ ਕਾਰ ਦੀ ਸੀਟ ਥੱਲਿਓਂ ਕਈ ਪੈਕੇਟ ਮਿਲੇ। ਪੈਕੇਟਾਂ ਦੀ ਜਾਂਚ ਕਰਨ ’ਤੇ ਉਨ੍ਹਾਂ ਵਿਚੋਂ ਕੋਕੀਨ ਬਰਾਮਦ ਹੋਈ। ਇਸ ’ਤੇ ਤੁਰੰਤ ਕਾਰ ਸਵਾਰਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਮੁਲਜ਼ਮਾਂ ਦੀ ਪਛਾਣ ਸਰਬਜੀਤ ਸਿੰਘ ਵਾਸੀ ਪਿੰਡ ਬਿੱਲਾਂ, ਜਲੰਧਰ ਤੇ ਹਨੀ ਬਸਰਾ ਨਿਵਾਸੀ ਫਲਾਹੀ ਗੇਟ, ਫਗਵਾੜਾ-ਬੰਗਾ ਰੋਡ, ਕਪੂਰਥਲਾ ਵਜੋਂ ਹੋਈ ਹੈ।