ਅੰਮ੍ਰਿਤਸਰ, 14 ਜਨਵਰੀ | ਆਮ ਆਦਮੀ ਪਾਰਟੀ (ਆਪ) ਨੇ ਨਗਰ ਨਿਗਮ ਵਿਚੋਂ ਦੋ ਆਜ਼ਾਦ ਕੌਂਸਲਰਾਂ ਨੂੰ ਸ਼ਾਮਲ ਕਰ ਕੇ ਮੇਅਰ ਦੀ ਕੁਰਸੀ ਵੱਲ ਇੱਕ ਹੋਰ ਕਦਮ ਪੁੱਟਿਆ ਹੈ। ਇਸ ਜੁਆਇਨਿੰਗ ਸਮੇਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਖੁਦ ਪਹੁੰਚੇ ਅਤੇ ਦੋਵਾਂ ਕੌਂਸਲਰਾਂ ਨੂੰ ਪਾਰਟੀ ਵਿਚ ਸ਼ਾਮਲ ਕਰਵਾਉਣ ਲਈ ਕਿਹਾ। ‘ਆਪ’ ਦੇ ਇਸ ਕਦਮ ਨੇ ਕਾਂਗਰਸ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ। ਸਭ ਤੋਂ ਵੱਧ ਕੌਂਸਲਰ ਹੋਣ ਦੇ ਬਾਵਜੂਦ ਕਾਂਗਰਸ ਮੇਅਰ ਦੀ ਕੁਰਸੀ ਤੋਂ ਦੂਰ ਹੁੰਦੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਅਨੀਤਾ ਰਾਣੀ (ਵਾਰਡ ਨੰ. 67) ਅਤੇ ਊਸ਼ਾ ਰਾਣੀ (ਵਾਰਡ ਨੰ. 63) ਨੇ ਆਮ ਆਦਮੀ ਪਾਰਟੀ (ਆਪ) ਵਿਚ ਸ਼ਾਮਲ ਹੋ ਕੇ ਆਪਣੇ ਸਿਆਸੀ ਸਫ਼ਰ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਹੈ। ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਨੇ ਦੋਵਾਂ ਕੌਂਸਲਰਾਂ ਦਾ ਪਾਰਟੀ ਵਿਚ ਸਵਾਗਤ ਕਰਦਿਆਂ ਰਸਮੀ ਤੌਰ ’ਤੇ ਪਾਰਟੀ ਦਾ ਹਿੱਸਾ ਬਣਾਇਆ।
ਮੰਤਰੀ ਕੁਲਦੀਪ ਸਿੰਘ ਨੇ ਇਸ ਮੌਕੇ ਕਿਹਾ ਕਿ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਹਰੇਕ ਵਿਅਕਤੀ ਨੂੰ ਬਣਦਾ ਮਾਣ ਸਤਿਕਾਰ ਅਤੇ ਬਰਾਬਰ ਮੌਕੇ ਦਿੱਤੇ ਜਾਣਗੇ। ਉਨ੍ਹਾਂ ਭਰੋਸਾ ਦਿੱਤਾ ਕਿ ਦੋਵਾਂ ਕੌਂਸਲਰਾਂ ਨੂੰ ਪਾਰਟੀ ਵਿਚ ਯੋਗ ਅਹੁਦੇ ਅਤੇ ਜ਼ਿੰਮੇਵਾਰੀਆਂ ਦਿੱਤੀਆਂ ਜਾਣਗੀਆਂ।







































