ਬ੍ਰੇਕਿੰਗ : ਸਿੱਕਮ ‘ਚ ਬੱਦਲ ਫਟਣ ਕਾਰਨ 23 ਫੌਜੀਆਂ ਸਮੇਤ 102 ਲੋਕ ਲਾਪਤਾ : 14 ਦੀ ਮੌਤ, 26 ਜ਼ਖਮੀ

0
607

ਸਿੱਕਮ, 5 ਅਕਤੂਬਰ | ਸਿੱਕਮ ‘ਚ ਮੰਗਲਵਾਰ ਬੱਦਲ ਫਟਣ ਦੀ ਘਟਨਾ ਨਾਲ ਹੁਣ ਤੱਕ 14 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ​​ਚੁੱਕੀ ਹੈ, ਜਦਕਿ 26 ਲੋਕ ਜ਼ਖਮੀ ਹਨ। ਫੌਜ ਦੇ 22-23 ਜਵਾਨਾਂ ਸਮੇਤ 102 ਲੋਕ ਅਜੇ ਵੀ ਲਾਪਤਾ ਹਨ। ਪਾਕਿਯੋਂਗ ਦੇ ਜ਼ਿਲ੍ਹਾ ਮੈਜਿਸਟਰੇਟ ਤਾਸ਼ੀ ਚੋਪੇਲ ਨੇ ਸਾਰੇ ਸੈਨਿਕਾਂ ਦੀ ਮੌਤ ਦਾ ਖਦਸ਼ਾ ਪ੍ਰਗਟਾਇਆ ਹੈ ਪਰ ਅਧਿਕਾਰਤ ਪੁਸ਼ਟੀ ਆਉਣੀ ਅਜੇ ਬਾਕੀ ਹੈ।

ਸਿੱਕਮ ਵਿਚ 3 ਹਜ਼ਾਰ ਸੈਲਾਨੀ ਫਸੇ ਹੋਏ ਹਨ। ਬਿਜਲੀ ਨਹੀਂ ਹੈ। ਸੈਂਕੜੇ ਪਿੰਡਾਂ ਦਾ ਮੁੱਖ ਮਾਰਗਾਂ ਨਾਲੋਂ ਸੰਪਰਕ ਟੁੱਟ ਗਿਆ ਹੈ। ਡਿਖਚੂ, ਸਿੰਗਟਾਮ ਅਤੇ ਰੰਗਪੋ ਕਸਬੇ ਪਾਣੀ ਵਿਚ ਡੁੱਬ ਗਏ ਹਨ। ਹੜ੍ਹ ਕਾਰਨ ਸਿੱਕਮ ਨੂੰ ਦੇਸ਼ ਨਾਲ ਜੋੜਨ ਵਾਲਾ ਨੈਸ਼ਨਲ ਹਾਈਵੇਅ NH-10 ਵੀ ਰੁੜ੍ਹ ਗਿਆ ਹੈ। ਸੂਬਾ ਸਰਕਾਰ ਨੇ ਇਸ ਘਟਨਾ ਨੂੰ ਆਫ਼ਤ ਕਰਾਰ ਦਿੱਤਾ ਹੈ।

ਬੱਦਲ ਫਟਣ ਕਾਰਨ ਪੱਛਮੀ ਬੰਗਾਲ ਦੇ ਕਲੀਮਪੋਂਗ ਵਿਚ ਵੀ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ। ਰਾਜ ਦੇ ਮੁੱਖ ਸਕੱਤਰ ਐਚ ਕੇ ਦਿਵੇਦੀ ਨੇ ਕਿਹਾ- ਤੀਸਤਾ ਬੈਰਾਜ ਤੋਂ ਤਿੰਨ ਲਾਸ਼ਾਂ ਬਰਾਮਦ ਹੋਈਆਂ ਹਨ। ਅਜੇ ਤੱਕ ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ। ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੱਕਮ ਦੀ ਸਥਿਤੀ ਜਾਣਨ ਲਈ ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਨਾਲ ਗੱਲ ਕੀਤੀ। ਉਨ੍ਹਾਂ ਨੂੰ ਮਦਦ ਦਾ ਭਰੋਸਾ ਦਿੱਤਾ।

ਵਿਗਿਆਨੀਆਂ ਨੂੰ ਡਰ ਹੈ ਕਿ ਨੇਪਾਲ ਵਿਚ ਆਏ ਭੂਚਾਲ ਕਾਰਨ ਸਿੱਕਮ ਦੀ ਲੋਹਾਂਸਕ ਝੀਲ ਟੁੱਟ ਗਈ ਹੈ। ਇਸ ਦਾ ਦਾਇਰਾ ਇਕ ਤਿਹਾਈ ਤੱਕ ਰਹਿ ਗਿਆ ਹੈ। ਦਰਿਆ ਦੇ ਪਾਣੀ ਦਾ ਪੱਧਰ 15 ਤੋਂ 20 ਫੁੱਟ ਤੱਕ ਵੱਧ ਗਿਆ ਹੈ। ਇਸ ਤੋਂ ਬਾਅਦ ਨਦੀ ਦੇ ਨਾਲ ਲੱਗਦੇ ਇਲਾਕੇ ਹੜ੍ਹਾਂ ਦੀ ਮਾਰ ਹੇਠ ਆ ਗਏ। ਨਦੀ ਦੇ ਨਾਲ ਲੱਗਦੇ ਇਲਾਕੇ ‘ਚ ਫੌਜ ਦਾ ਕੈਂਪ ਸੀ, ਜੋ ਹੜ੍ਹ ‘ਚ ਰੁੜ੍ਹ ਗਿਆ ਅਤੇ ਉਥੇ ਖੜ੍ਹੇ 41 ਵਾਹਨ ਡੁੱਬ ਗਏ।

NDRF ਨੇ ਸਿੱਕਮ ਦੇ ਸਿੰਗਟਾਮ ਤੋਂ 7 ਲੋਕਾਂ ਨੂੰ ਬਚਾਇਆ ਜਿਥੇ ਬੱਦਲ ਫਟਣ ਕਾਰਨ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਸੀ। NDRF ਦੀ ਇਕ ਟੀਮ ਗੰਗਟੋਕ ਵਿਚ ਤਾਇਨਾਤ ਹੈ ਅਤੇ 2 ਟੀਮਾਂ ਪੱਛਮੀ ਬੰਗਾਲ ਵਿਚ ਸਿੱਕਮ ਦੇ ਨਾਲ ਲੱਗਦੇ ਇਲਾਕਿਆਂ ਵਿਚ ਤਾਇਨਾਤ ਹਨ।