ਕਪੂਰਥਲਾ | ਜ਼ਿਲ੍ਹੇ ਦੇ ਪਿੰਡ ਨਿਜ਼ਾਮਪੁਰ ਵਿੱਚ ਐਤਵਾਰ ਨੂੰ ਬੇਅਦਬੀ ਦੇ ਆਰੋਪ ਵਿੱਚ ਭੀੜ ਵੱਲੋਂ ਮਾਰੇ ਗਏ ਨੌਜਵਾਨ ਦੀ ਪਛਾਣ ਨਹੀਂ ਹੋ ਸਕੀ ਪਰ ਉਸ ਦੀ ਇਕ ਵੀਡੀਓ ਇੰਟਰਨੈੱਟ ’ਤੇ ਵਾਇਰਲ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਸ਼ਨੀਵਾਰ ਇਕ ਜਿਮ ਦੇ ਬਾਹਰ ਇਕ ਔਰਤ ਨੇ ਬਣਾਈ ਸੀ।
ਨੌਜਵਾਨ ਨੇ ਉਹੀ ਕੱਪੜੇ ਪਾਏ ਹੋਏ ਹਨ ਜੋ ਉਸ ਨੇ ਐਤਵਾਰ ਨੂੰ ਪਾਏ ਸਨ। ਨੌਜਵਾਨ ਦੇ ਪੈਰਾਂ ਵਿੱਚ ਘੁੰਗਰੂ ਬੰਨ੍ਹੇ ਹੋਏ ਹਨ ਤੇ ਇਕ ਹੱਥ ਵਿੱਚ ਖੇਤੀਬਾੜੀ ਦੇ ਸੰਦ ਫੜੇ ਹੋਏ ਹਨ। ਸਿਰ ‘ਤੇ ਵੀ ਕੋਈ ਚੀਜ਼ ਬੰਨ੍ਹੀ ਹੋਈ ਹੈ।
ਪੁਲਿਸ ਦਾ ਕਹਿਣਾ ਹੈ ਕਿ ਇਹ ਵੀਡੀਓ ਕਾਂਜਲੀ ਰੋਡ ‘ਤੇ ਜਿੰਮ ਦੇ ਬਾਹਰ ਦੀ ਹੈ। ਇਸ ਇਲਾਕੇ ਦੇ ਸੀਸੀਟੀਵੀ ਚੈੱਕ ਕੀਤੇ ਜਾਣਗੇ। ਆਈਜੀ ਜਲੰਧਰ ਰੇਂਜ ਗੁਰਿੰਦਰਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਮਾਮਲਾ ਸੰਵੇਦਨਸ਼ੀਲ ਹੈ, ਜਾਂਚ ਕੀਤੀ ਜਾ ਰਹੀ ਹੈ।
ਪਟਨਾ ਦੀ ਔਰਤ ਵੱਲੋਂ ਮ੍ਰਿਤਕ ਨੂੰ ਭਰਾ ਦੱਸਣ ਦਾ ਦਾਅਵਾ ਗਲਤ
ਕਪੂਰਥਲਾ ਘਟਨਾ ਤੋਂ ਬਾਅਦ ਸੋਮਵਾਰ ਨੂੰ ਪਟਨਾ ਦੀ ਰਹਿਣ ਵਾਲੀ ਸੁਹਾਨੀ ਨਾਂ ਦੀ ਔਰਤ ਨੇ ਪੰਜਾਬ ਪੁਲਿਸ ਨੂੰ ਫੋਨ ਕਰਕੇ ਦਾਅਵਾ ਕੀਤਾ ਸੀ ਕਿ ‘ਮ੍ਰਿਤਕ ਮੇਰਾ ਭਰਾ ਹੈ’ ਪਰ ਬਾਅਦ ‘ਚ ਉਸ ਦਾ ਇਹ ਦਾਅਵਾ ਝੂਠਾ ਨਿਕਲਿਆ।
ਐੱਸਐੱਸਪੀ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਔਰਤ ਨੇ ਫੋਨ ਕਰਕੇ ਆਪਣੇ ਭਰਾ ਦੀ ਤਸਵੀਰ ਤੇ ਕੁਝ ਦਸਤਾਵੇਜ਼ Whatsapp ’ਤੇ ਭੇਜੇ, ਜਿਨ੍ਹਾਂ ਦੀ ਜਾਂਚ ਕਰਨ ਤੋਂ ਬਾਅਦ ਔਰਤ ਨਾਲ ਦੁਬਾਰਾ ਫੋਨ ‘ਤੇ ਗੱਲ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਉਸ ਤੋਂ ਗਲਤੀ ਹੋ ਗਈ ਹੈ।
ਮ੍ਰਿਤਕ ਉਸ ਦਾ ਭਰਾ ਨਹੀਂ ਹੈ ਕਿਉਂਕਿ ਉਸ ਦੇ ਭਰਾ ਦਾ ਰੰਗ ਗੋਰਾ ਹੈ, ਜਦੋਂ ਕਿ ਮ੍ਰਿਤਕ ਦਾ ਰੰਗ ਕਾਲਾ ਹੈ। ਸੁਹਾਨੀ ਨੇ ਦੱਸਿਆ ਕਿ ਜਦੋਂ ਉਸ ਨੇ ਸਵੇਰੇ ਅਖਬਾਰਾਂ ਵਿੱਚ ਫੋਟੋ ਦੇਖੀ ਤਾਂ ਉਸ ਨੂੰ ਲੱਗਾ ਕਿ ਮ੍ਰਿਤਕ ਉਸ ਦਾ ਭਰਾ ਅੰਕਿਤ ਕੁਮਾਰ ਹੈ ਪਰ ਬਾਅਦ ਵਿੱਚ ਉਸ ਨੂੰ ਪਤਾ ਲੱਗਾ ਕਿ ਉਸ ਦਾ ਭਰਾ ਜ਼ਿੰਦਾ ਹੈ।
ਆਰੋਪੀ ਨੂੰ ਸ਼੍ਰੋਮਣੀ ਕਮੇਟੀ ਹਵਾਲੇ ਕਰਨਾ ਚਾਹੁੰਦੇ ਸਨ
ਪਿੰਡ ਨਿਜ਼ਾਮਪੁਰ ਦੇ ਸਾਬਕਾ ਸਰਪੰਚ ਸੁਰਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਦੇ ਲੋਕ ਆਰੋਪੀ ਨੌਜਵਾਨ ਨੂੰ ਸ਼੍ਰੋਮਣੀ ਕਮੇਟੀ ਦੇ ਹਵਾਲੇ ਕਰਨਾ ਚਾਹੁੰਦੇ ਸਨ ਪਰ ਬਾਹਰੋਂ ਆਏ ਕੁਝ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਪਿੰਡ ਵਾਸੀਆਂ ਦੀ ਗੱਲ ਨਹੀਂ ਸੁਣੀ।