ਪੁਸਤਕ ਰੀਵਿਊ : ਜੇ ਮਾਚਿਸ-2 ‘ਖ਼ਾਕੀ, ਖਾੜਕੂ ਤੇ ਕਲਮ’ ਕਿਤਾਬ ‘ਤੇ ਬਣੇ ਤਾਂ ਕੋਈ ਹਰਜ਼ ਨਹੀਂ

0
3589

ਪੰਜਾਬ ਨੇ ਕੀ ਨਹੀਂ ਝੱਲ੍ਹਿਆ। ਜੋ ਪੰਜਾਬ ਨੇ ਝੱਲਿਆ ਉਹ ਦੇਸ਼ ਦੇ ਹਿੱਸੇ ਨਹੀਂ ਆਇਆ। ਪੰਜਾਬ ਦੀ ਸੁਰ ਤੋਂ ਹਕੂਮਤ ਹਮੇਸ਼ਾ ਡਰਦੀ ਆਈ ਹੈ ਤੇ ਅਜੇ ਵੀ ਡਰਦੀ ਹੈ। ਪੰਜਾਬ ਦੀ ਸੁਰ ਦੇਸ਼ ਨਾਲੋਂ ਵੱਖਰੀ ਹੈ। ਪੰਜਾਬੀ ਫਿਰ ਵੀ ਦੇਸ਼ ਨਾਲ ਖੜ੍ਹੇ ਨੇ ਤੇ ਦੇਸ਼ ਕਿੰਨਾ ਕੁ ਖੜ੍ਹਿਆ ਇਹ ਸਮੇਂ-ਸਮੇਂ ‘ਤੇ ਪਤਾ ਲੱਗਦਾ ਰਿਹਾ ਹੈ।

ਖਾੜਕੂਵਾਦ ਦੇ ਸਮੇਂ ਦਾ ਦ੍ਰਿਸ਼ ਜੋ ਜਗਤਾਰ ਭੁੱਲਰ ਨੇ ਪੱਤਰਕਾਰਾਂ ਦੇ ਹਵਾਲੇ ਨਾਲ ਚਿਤਰਿਆ ਹੈ, ਉਹ ਬਹੁਤ ਭਿਆਨਕ ਹੈ। ਡਰ ਦੀਆਂ ਕਿੰਨੀਆਂ ਲੇਅਰਜ਼ ਹੁੰਦੀਆਂ ਨੇ ਤੁਹਾਡੇ ਕਿਤਾਬ ਪੜ੍ਹਦਿਆਂ-ਪੜ੍ਹਦਿਆਂ ਅੱਖਾਂ ਮੂਹਰੇ ਘੁੰਮਦੀਆਂ ਨੇ। ਪੱਤਰਕਾਰ ਸੱਚ ਤੇ ਹਵਾਲੇ ਦੇ ਵਿਚਕਾਰ ਖੜ੍ਹਾ ਹੁੰਦਾ ਹੈ। ਪੱਤਰਕਾਰ ਹਵਾਲੇ ਤੋਂ ਬਿਨਾਂ ਅਧੂਰਾ ਹੈ। ਸਾਨੂੰ ਪੱਤਰਕਾਰਾਂ ਨੂੰ ਹਵਾਲਿਆਂ ਦਾ ਬਹੁਤ ਸਹਾਰਾ ਹੈ ਜਾਂ ਕਹਿ ਲਵੋਂ ਅਸੀਂ ਹਵਾਲੇ ਤੋਂ ਇਲਾਵਾ ਕੁਝ ਵੀ ਨਹੀਂ। ਅੱਜ ਇਹ ਹਵਾਲਾ VERSION ਦਾ ਰੂਪ ਧਾਰਨ ਕਰ ਗਿਆ ਹੈ।

ਕੀ ਦ੍ਰਿਸ਼ ਦਾ ਕੋਈ ਮਹੱਤਵ ਨਹੀਂ ਹੁੰਦਾ?
‘ਖਾਕੀ, ਖਾੜਕੂ ‘ਤੇ ਕਲਮ’ ਕਿਤਾਬ ਬਾਰੇ ਗੱਲ ਹੋ ਰਹੀ ਸੀ ਤਾਂ ਸਵਾਲ ਇਹੀ ਪੈਦਾ ਹੋਇਆ ਕਿ ਇਸ ਵਿਚ ਹਵਾਲਿਆਂ ਤੋਂ ਇਲਾਵਾ ਕੁਝ ਨਹੀਂ ਹੈ। ਇਕ ਚਿੱਤਰ ਹੈ ਜਿਸ ਨੂੰ ਕਈ ਸਕੈਚ ਆਰਟਿਸਟਾਂ ਨੇ ਵੱਖ-ਵੱਖ ਢੰਗ ਨਾਲ ਚਿਤਰਿਆ ਹੈ। ਹਾਂ ਇਹ ਠੀਕ ਹੈ, ਰੈਪੀਟਿਸ਼ਨ ਬਹੁਤ ਹੈ। ਖਾੜਕੂ, ਪੁਲਿਸ, ਗੋਲ਼ੀਆਂ, ਰਸਤੇ-ਚੁਰਾਹਿਆਂ ‘ਤੇ ਪੁਲਿਸ ਦੇ ਮੁਕਾਬਲੇ, ਅਜਿਹੇ ਸ਼ਬਦ ਹਜ਼ਾਰਾਂ ਵਾਰ ਰੀਪੀਟ ਹੋਏ ਨੇ। ਪਰ ਕੀ ਇਹ ਜੋ ਦ੍ਰਿਸ਼ ਵਾਰ-ਵਾਰ ਆ ਰਹੇ ਨੇ ਇਹ ਸਵਾਲ ਨਹੀਂ ਪੈਦਾ ਕਰਦੇ? ਇਹ ਦ੍ਰਿਸ਼ ਬਹੁਤ ਸਾਰੇ ਸਵਾਲ ਪੈਦਾ ਕਰਦੇ ਨੇ। ਅਜਿਹਾ ਦ੍ਰਿਸ਼ ਜਿਸ ਵਿਚ ਮਾਂ ਦਾ ਦੁੱਧ ਚੁੰਘਦਾ ਬੱਚਾ, ਸਣੇ ਮਾਂ ਦੇ ਮਾਰ ਦਿੱਤਾ ਜਾਵੇ, ਕੀ ਇਹ ਦ੍ਰਿਸ਼ ਸਵਾਲ ਨਹੀਂ ਪੈਦਾ ਕਰਦਾ?

ਗਲੈਮਰ ਦੌਰ ਵੱਲ ਪਿੱਠ ਕਰਦੀ ਕਿਤਾਬ
ਇਸ ਕਿਤਾਬ ਨੂੰ ਪੜ੍ਹਦਿਆਂ ਮਨ ਵਿਚ ਬਹੁਤ ਸਾਰੇ ਸਵਾਲ ਪੈਦੇ ਹੋਏ। ਖਾਸਕਰ ਸਾਡੀ ਪੀੜ੍ਹੀ ਜੋ ਜਰਨਲਿਜ਼ਮ ਪੇਸ਼ੇ ‘ਚ ਆ ਰਹੀ ਹੈ। ਸਾਡੀ ਪੀੜ੍ਹੀ ਨੂੰ ਗਲੈਮਰ ਦੇ ਜਾਲ ਵਿਚ ਫਸਾਇਆ ਜਾ ਰਿਹਾ ਹੈ। ਟੀਪੀ (Teleprompter) ਸਿਸਟਮ ਨੇ ਨੌਜਵਾਨ ਐਂਕਰਾਂ ਨੂੰ ਦਿਮਾਗੀ ਪੱਧਰ ਉਪਰ ਖੋਖਲਾ ਕੀਤਾ ਹੈ। ਅੱਜ ਬਹੁਤੇ ਚੈਨਲਾਂ ਦਾ ਇਕ ਏਜੰਡਾ ਹੈ, ਉਨ੍ਹਾਂ ਵੱਲੋਂ ਉਸ ਏਜੰਡੇ ਉਪਰ ਕੰਮ ਕੀਤਾ ਜਾ ਰਿਹਾ ਹੈ। ਜਦੋਂ ਨਵੇਂ ਪੱਤਰਕਾਰ ਇਹ ਕਿਤਾਬ ਪੜ੍ਹਨਗੇ ਤਾਂ ਉਨ੍ਹਾਂ ਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਹੋਵੇਗਾ।

ਪੱਤਰਕਾਰ ਸੈਲੀਬ੍ਰਿਟੀ ਨਹੀਂ ਹੁੰਦਾ। ਸਮਾਜ ਪ੍ਰਤੀ ਇਕ ਜ਼ਿੰਮੇਵਾਰ ਸਖ਼ਸ਼ ਹੁੰਦਾ ਹੈ। ਜਗਤਾਰ ਭੁੱਲਰ ਨੇ ਪ੍ਰੈੱਸ ਰੂਮ ਕਿਤਾਬ ਲਿਖ ਕੇ ਵੀ ਇਸ ਗਲੈਮਰ ‘ਤੇ ਪ੍ਰੋਪੇਗੰਡਾ ਕਰਨ ਵਾਲਿਆਂ ਦਾ ਚਿਹਰਾ ਨਸ਼ਰ ਕੀਤਾ ਸੀ। ਨੌਜਵਾਨਾਂ ਦਾ ਮੇਹਣਾ ਹੈ ਕਿ ਵੱਡੇ ਸਾਨੂੰ ਗਲ਼ ਨਾਲ ਨਹੀਂ ਲਾਉਂਦੇ। ਇਹ ਮੇਹਣਾ ਵਾਜਬ ਵੀ ਹੈ। ਪਰ ਮੇਰਾ ਆਪਣੀ ਪੀੜ੍ਹੀ ਨਾਲ ਹੀ ਰੋਸਾ ਹੈ ਕਿ ਅਸੀਂ ਕਿੰਨਾ ਕੁ ਵੱਡਿਆਂ ਦੇ ਅਨੁਭਵ ਬਾਰੇ ਜਾਣਦੇ ਹਾਂ। ਅਸੀਂ ਇਹ ਕਹਿ ਕੇ ਗੱਲ ਟਾਲ਼ ਦਿੰਦੇ ਹਾਂ ਕਿ ਸਾਡੇ ਸਮਿਆਂ ਦਾ ਸਮਾਜ ਹੋਰ ਹੈ। ਬਿਲਕੁੱਲ ਹੋਰ ਹੈ। ਕੀ ਅਸੀਂ ਇਤਿਹਾਸ ਤੋਂ ਕੁਝ ਸਿੱਖਣਾ ਨਹੀਂ ਚਾਹੁੰਦੇ ਜਾਂ ਸਾਨੂੰ ਪੁਰਾਣੇ ਡਾਕੂਮੈਂਟਸ ਫਰੋਲਣ ਦੀ ਆਦਤ ਨਹੀਂ ਹੈ।

ਮਾਝੇ ਦੀ ਨੌਜਵਾਨੀ ਦਾ ਸੁਰ
ਇੱਥੇ ਮੈਨੂੰ ਇਕ ਗੱਲ ਯਾਦ ਆ ਰਹੀ ਹੈ। ਮੇਰੇ ਦਫ਼ਤਰ ਇਕ ਪੁਲਿਸ ਵਾਲਾ ਆਇਆ ਕਰਦਾ ਸੀ। ਉਹਨੇ ਮੈਨੂੰ ਇਕ ਸਰਸਰੀ ਗੱਲ ਦੱਸੀ। ਉਦੋਂ ਕਿਸਾਨ ਦਿੱਲੀ ਨੂੰ ਚਾਲੇ ਪਾ ਰਹੇ ਸੀ। ਉਸ ਪੁਲਿਸ ਵਾਲੇ ਦੀ ਡਿਊਟੀ ਸ਼ੰਭੂ ਬਾਰਡਰ ਉਪਰ ਲੱਗੀ ਹੋਈ ਸੀ। ਉਨ੍ਹਾ ਨੇ ਦੱਸਿਆ ਕਿ ਸਾਡੇ ਕੋਲ ਸਾਡਾ ਇਕ ਸੀਨੀਅਰ ਅਧਿਕਾਰੀ ਆਇਆ ‘ਤੇ ਕਹਿਣ ਲੱਗਾ ਹੁਣ ਥੋੜ੍ਹੇ ਜਿਹੇ ਤਕੜੇ ਰਹਿਣਾ ਕਿਉਂਕਿ ਮਾਝੇ ਦੇ ਮੁੰਡੇ ਕੁਝ ਕੁ ਫਾਸਲੇ ‘ਤੇ ਹਨ। ਦਰਅਸਲ ਕਿਸਾਨਾਂ ਨੂੰ ਪੁਲਿਸ ਵੱਲੋਂ ਸ਼ੰਭੂ ਬਾਰਡਰ ਉਪਰ ਰੋਕ ਲਿਆ ਗਿਆ ਸੀ।

ਜੋਗਿੰਦਰ ਉਗਰਾਹਾਂ ਨੇ ਆਖ ਦਿੱਤਾ ਸੀ ਕਿ ਸਾਨੂੰ ਜੇ ਇੱਥੇ ਰੋਕਿਆ ਗਿਆ ਤਾਂ ਅਸੀਂ ਇੱਥੇ ਹੀ ਧਰਨਾ ਦੇਣਾ ਹੈ। ਪਰ ਪੁਲਿਸ ਨੂੰ ਪਤਾ ਸੀ ਕਿ ਜਦੋਂ ਮਾਝੇ ਦੇ ਕਿਸਾਨ ਇੱਥੇ ਆ ਗਏ ਤਾਂ ਉਨ੍ਹਾਂ ਨੇ ਦਿੱਲੀ ਜਾ ਕੇ ਹੀ ਰਹਿਣਾ ਹੈ, ਹੋਇਆ ਵੀ ਅਜਿਹਾ ਹੀ। ਪੁਲਿਸ ਵਾਲੇ ਨੇ ਦੱਸਿਆ ਕਿ ਜਦੋਂ ਮਾਝੇ ਦੇ ਮੁੰਡੇ ਆਏ ਤਾਂ ਉਨ੍ਹਾਂ ਨੇ ਬੈਰੀਕੇਡ ਪੱਟ-ਪੱਟ ਪਰ੍ਹੇ ਮਾਰੇ। ਉਹ ਗੱਲ ਦੱਸ ਕੇ ਚਲਾ ਗਿਆ ਪਰ ਮੇਰਾ ਮੱਥਾ ਠਣਕਿਆ। ਕੀ ਅੱਜ ਵੀ ਮਾਝੇ ਏਰੀਆ ਦਾ ਖੂਨ ਗਰਮ ਹੈ। ਇਹ ਸਾਰਾ ਸੰਤਾਪ ਹੰਢਾਉਣ ਦਾ ਹੀ ਸਿੱਟਾ ਹੈ।

ਪੰਜਾਬ ਦੀ ਜਵਾਨੀ ਨੂੰ ਜਾਗਣ ਦੀ ਲੋੜ
ਇਹ ਕਿਤਾਬ ਪੰਜਾਬ ਦੀ ਜਵਾਨੀ ਨੂੰ ਝੰਜੋੜਦੀ ਹੈ। ਕੋਈ ਵੀ ਫੋਕੀ ਹਵਾ ਚੱਲੇ, ਚਾਹੇ ਓਹ ਅੰਮ੍ਰਿਤਪਾਲ ਮਾਮਲਾ ਹੋਵੇ ਜਾਂ ਕੋਈ ਹੋਰ, ਸਾਡੇ ਮੁੰਡੇ ਜ਼ਜਬਾਤੀ ਹੋ ਕੇ ਪਿੱਛੇ ਤੁਰ ਪੈਂਦੇ ਨੇ। ਵਾਧਾ-ਘਾਟਾ ਨਹੀਂ ਦੇਖਦੇ। ਵਿਚਾਰ ਤਾਂ ਬਿਲਕੁੱਲ ਨਹੀਂ ਕਰਦੇ। ਸਿਰ ਤੋਂ ਕੰਮ ਨਹੀਂ ਲੈਂਦੇ।

ਕਈ ਵਾਰ ਪੱਤਰਕਾਰ ਭਾਈਚਾਰੇ ਵਿਚ ਗੱਲ ਹੁੰਦੀ ਹੈ ਕਿ ਜਦੋਂ ਵੀ ਅੰਮ੍ਰਿਤਪਾਲ ਵਰਗਾ ਕੋਈ ਹੋਰ ਵੀ ਉੱਠੇ ਉਸ ਮਗਰ ਮਾਲਵੇ ਤੇ ਮਾਝੇ ਦੇ ਮੁੰਡਿਆਂ ਦੀ ਡਾਰ ਹੁੰਦੀ ਹੈ। ਦੁਆਬੇ ਦੇ ਮੁੰਡੇ ਨਹੀਂ ਹੁੰਦੇ। ਇਹ ਵੱਡਾ ਸਵਾਲ ਹੈ। ਇਸ ਨੂੰ ਰਿੜਕਣ ਦੀ ਲੋੜ ਹੈ। ਪੰਜਾਬ ਦੀ ਜਵਾਨੀ ਜਿੰਨਾ ਚਿਰ ਸਿਰ ਤੋਂ ਕੰਮ ਨਹੀਂ ਲੈਂਦੀ ਆਪਣੇ ਵੱਡਿਆਂ ਦੇ ਅਨੁਭਵਾਂ ਤੋਂ ਨਹੀਂ ਸਿੱਖਦੀ, ਸਾਡੇ ਨਾਲ ਹਕੂਮਤ ਆਢੇ ਲੈਂਦੀ ਰਹੇਗੀ। ਮੈਂ ਆਪਣੀ ਪੀੜ੍ਹੀ ਨੂੰ ਜਗਤਾਰ ਭੁੱਲਰ ਹੁਰਾਂ ਦੀ ਕਿਤਾਬ ਪੜ੍ਹਨ ਦੀ ਅਪੀਲ ਕਰਦਾ ਹਾਂ।
ਗੁਰਪ੍ਰੀਤ ਡੈਨੀ
97792-50653