ਪਿੰਡ ਭੱਟੀਆਂ ‘ਚ ਫੈਕਟਰੀ ਅੰਦਰ ਕੈਂਟਰ ਦੇ ਕੈਬਿਨ ਤੋਂ ਦੋ ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ, ਗੈਸ ਨਾਲ ਦਮ ਘੁੱਟਣ ਦੀ ਸ਼ੰਕਾ

0
452

ਮਾਛੀਵਾੜਾ, 9 ਜਨਵਰੀ | ਮਾਛੀਵਾੜਾ ਦੇ ਪਿੰਡ ਭੱਟੀਆਂ ਵਿਖੇ ਸਥਿਤ ਇੱਕ ਫੈਕਟਰੀ ਵਿੱਚ ਅੱਜ ਸਵੇਰੇ ਉਸ ਵੇਲੇ ਸਨਸਨੀ ਫੈਲ ਗਈ, ਜਦੋਂ ਰਿਫਾਇੰਡ ਤੇਲ ਲੈਣ ਆਏ ਇੱਕ ਕੈਂਟਰ ਦੇ ਕੈਬਿਨ ਵਿੱਚ ਦੋ ਨੌਜਵਾਨਾਂ ਦੀਆਂ ਲਾਸ਼ਾਂ ਸ਼ੱਕੀ ਹਾਲਤ ਵਿੱਚ ਪਈਆਂ ਮਿਲੀਆਂ।

ਮੁੱਢਲੀ ਜਾਂਚ ਦੌਰਾਨ ਸ਼ੰਕਾ ਜਤਾਈ ਜਾ ਰਹੀ ਹੈ ਕਿ ਦੋਵੇਂ ਨੌਜਵਾਨਾਂ ਨੇ ਠੰਢ ਤੋਂ ਬਚਾਅ ਲਈ ਕੋਲਿਆਂ ਵਾਲੀ ਅੰਗੀਠੀ ਬਾਲੀ ਹੋਈ ਸੀ, ਜਿਸ ਤੋਂ ਨਿਕਲੀ ਜ਼ਹਿਰੀਲੀ ਗੈਸ ਨਾਲ ਦਮ ਘੁੱਟਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ।

ਫੈਕਟਰੀ ਦੇ ਸਕਿਉਰਿਟੀ ਸੁਪਰਵਾਈਜ਼ਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਕੈਂਟਰ 5 ਜਨਵਰੀ ਨੂੰ ਫੈਕਟਰੀ ਵਿੱਚ ਆਇਆ ਸੀ। ਕੈਂਟਰ ਚਾਲਕ ਦੀ ਪਛਾਣ ਛੋਟੂ ਵਾਸੀ ਪਿੰਡ ਡੂੰਗਰਾਂਵਾਲਾ, ਤਹਿਸੀਲ ਖੇਰਾਗੜ੍ਹ (ਉੱਤਰ ਪ੍ਰਦੇਸ਼) ਵਜੋਂ ਹੋਈ ਹੈ, ਜਦਕਿ ਉਸਦੇ ਸਾਥੀ ਦੀ ਪਛਾਣ ਸ੍ਰੀ ਭਗਵਾਨ ਵਾਸੀ ਪਿੰਡ ਮਹਿਤਾ, ਜ਼ਿਲਾ ਭਰਤਪੁਰ (ਰਾਜਸਥਾਨ) ਵਜੋਂ ਕੀਤੀ ਗਈ ਹੈ। ਦੋਵੇਂ ਆਪਸੀ ਰਿਸ਼ਤੇ ਵਿੱਚ ਫੁੱਫੜ ਅਤੇ ਭਤੀਜਾ ਦੱਸੇ ਜਾ ਰਹੇ ਹਨ।



ਸਵੇਰੇ ਜਦੋਂ ਦੋਵੇਂ ਨੌਜਵਾਨ ਕੈਂਟਰ ਦੇ ਕੈਬਿਨ ਵਿੱਚ ਬੇਹੋਸ਼ ਹਾਲਤ ਵਿੱਚ ਪਾਏ ਗਏ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਮੌਕੇ ‘ਤੇ ਪਹੁੰਚੇ ਥਾਣਾ ਮੁਖੀ ਪਵਿੱਤਰ ਸਿੰਘ ਨੇ ਦੱਸਿਆ ਕਿ ਫੈਕਟਰੀ ਪ੍ਰਬੰਧਕਾਂ ਮੁਤਾਬਕ ਦੋਵੇਂ ਰਾਤ ਦਾ ਖਾਣਾ ਖਾਣ ਤੋਂ ਬਾਅਦ ਕੈਂਟਰ ਦੇ ਕੈਬਿਨ ਵਿੱਚ ਸੌਂ ਗਏ ਸਨ।

ਥਾਣਾ ਮੁਖੀ ਅਨੁਸਾਰ ਮੁੱਢਲੀ ਜਾਂਚ ਵਿੱਚ ਅੰਗੀਠੀ ਤੋਂ ਨਿਕਲੀ ਗੈਸ ਨਾਲ ਦਮ ਘੁੱਟਣ ਦੀ ਗੱਲ ਸਾਹਮਣੇ ਆ ਰਹੀ ਹੈ। ਪੁਲਿਸ ਵੱਲੋਂ ਫੋਰੈਂਸਿਕ ਟੀਮ ਨੂੰ ਮੌਕੇ ‘ਤੇ ਬੁਲਾਇਆ ਗਿਆ ਹੈ। ਦੋਵਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਲਾਸ਼ਾਂ ਨੂੰ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦੀ ਪੁਸ਼ਟੀ ਹੋ ਸਕੇਗੀ।