ਫਤਿਹਗੜ੍ਹ ਚੂੜੀਆਂ ‘ਚ 2 ਧਿਰਾਂ ਵਿਚਾਲੇ ਖੂਨੀ ਤਕਰਾਰ, ਚੱਲੇ ਤੇਜ਼.ਧਾਰ ਹਥਿਆਰ, 5 ਜ਼ਖਮੀ

0
1092

ਗੁਰਦਾਸਪੁਰ, 11 ਦਸੰਬਰ | ਬਟਾਲਾ ਦੇ ਫਤਿਹਗੜ੍ਹ ਚੂੜੀਆਂ ਦੇ ਵਾਰਡ ਨੰਬਰ 13 ਦੇ ਚੌਕ ਵਿਚ ਮਾਹੌਲ ਉਸ ਵੇਲੇ ਤਣਾਅਪੂਰਨ ਹੋ ਗਿਆ। ਜਦੋਂ 2 ਧਿਰਾਂ ’ਚ ਆਹਮੋ-ਸਾਹਮਣੇ ਲੜਾਈ ਹੋ ਗਈ, ਦੋਵਾਂ ਧਿਰਾਂ ਨੇ ਇਕ-ਦੂਜੇ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਦੋਵਾਂ ਧਿਰਾਂ ਦੇ 5 ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਫਤਿਹਗੜ੍ਹ ਚੂੜੀਆਂ ਦੇ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ ਗਿਆ।

ਜਾਣਕਾਰੀ ਅਨੁਸਾਰ ਇਕ ਧਿਰ ਦੇ ਅਭੀ ਪੁੱਤਰ ਰਾਜਾ ਮਸੀਹ ਵਾਸੀ ਵਾਰਡ ਨੰ. 6 ਬੱਦੋਵਾਲ ਰੋਡ ਫਤਿਹਗੜ੍ਹ ਚੂੜੀਆਂ ਨੇ ਕਥਿਤ ਤੌਰ ‘ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਰਿੰਚੂ, ਅਰੁਣ ਅਤੇ ਪ੍ਰਿੰਸ ਨੇ ਸਾਥੀਆਂ ਸਮੇਤ ਉਸ ਉਤੇ ਹਮਲਾ ਕਰਕੇ ਸੱਟਾਂ ਮਾਰੀਆਂ ਤੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਘਟਨਾ ਦੌਰਾਨ ਉਹ ਆਪਣੇ ਚਾਚੇ ਦੇ ਘਰ ਬਾਹਰ ਬੈਠੇ ਸੀ।

ਇਸ ਸਬੰਧੀ ਦੂਜੀ ਧਿਰ ਦੇ ਜਸਪਾਲ ਮਸੀਹ ਪੁੱਤਰ ਗੰਗੂ ਮਸੀਹ, ਅਰੁਣ ਮਸੀਹ ਪੁੱਤਰ ਜਸਪਾਲ ਮਸੀਹ ਅਤੇ ਸੋਨੀਆ ਪਤਨੀ ਲਾਲੀ ਮਸੀਹ ਨੇ ਦੱਸਿਆ ਕਿ ਬੀਤੀ ਰਾਤ ਕੁਝ ਲੋਕ ਉਨ੍ਹਾਂ ਦੇ ਘਰ ਆਏ ਸਨ ਅਤੇ ਉਨ੍ਹਾਂ ਦੇ ਮੁੰਡੇ ਪ੍ਰਿੰਸ ਨੂੰ ਮਾਰਨ ਦੀਆਂ ਧਮਕੀਆਂ ਦੇ ਕੇ ਗਏ ਅਤੇ ਅੱਜ ਉਹ ਚਰਚ ਚੌਕ ’ਚ ਬੈਠੇ ਸਨ ਤਾਂ ਲਵ, ਸ਼ੈਲੀ, ਢਿੱਲਾ, ਅਭੀ ਅਤੇ ਅਰਜੁਨ ਸਾਥੀਆਂ ਸਮੇਤ ਆਏ ਅਤੇ ਸਾਡੇ ਉਪਰ ਹਮਲਾ ਕਰ ਦਿੱਤਾ, ਜਿਸ ਨਾਲ ਉਹ ਜ਼ਖ਼ਮੀ ਹੋ ਗਏ।

ਲੜਾਈ ਦੀ ਘਟਨਾ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ। ਉਥੇ ਹੀ ਇਸ ਸਬੰਧੀ ਫਤਿਹਗੜ੍ਹ ਚੂੜੀਆਂ ਦੇ ਐੱਸ. ਐੱਚ. ਓ. ਗੁਰਮਿੰਦਰ ਸਿੰਘ ਢਿੱਲੋਂ ਨਾਲ ਜਦੋਂ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜੋ 2 ਧਿਰਾਂ ਦਾ ਝਗੜਾ ਹੋਇਆ ਹੈ, ਉਸ ਦੀ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।