ਅਗਰਵਾਲ ਪੀਰਖਾਨਾ ‘ਚ ਗੱਦੀ ਨੂੰ ਲੈ ਕੇ ਖੂਨੀ ਝੜਪ

0
1362

CCTV ਆਈ ਸਾਹਮਣੇ, ਪੰਜ ਜ਼ਖ਼ਮੀ; ਮਲੋਟ ਪੁਲਿਸ ਨੇ ਸ਼ੁਰੂ ਕੀਤੀ ਕਾਰਵਾਈ

ਮਲੋਟ, 10 ਜੁਲਾਈ | ਮਲੋਟ ਦੇ ਪ੍ਰਸਿੱਧ ਧਾਰਮਿਕ ਸਥਾਨ ਅਗਰਵਾਲ ਪੀਰਖਾਨਾ ਵਿੱਚ ਵੀਰਵਾਰ ਨੂੰ ਗੱਦੀ (ਕੁਰਸੀ) ਦੇ ਵਿਵਾਦ ਨੂੰ ਲੈ ਕੇ ਦੋ ਪਰਿਵਾਰਾਂ ਵਿਚਾਲੇ ਹੋਈ ਹਿੰਸਕ ਝੜਪ ਵਿੱਚ ਪੰਜ ਵਿਅਕਤੀ ਜ਼ਖ਼ਮੀ ਹੋ ਗਏ। ਘਟਨਾ ਦੀ CCTV ਵੀ ਸਾਹਮਣੇ ਆਈ ਹੈ, ਜਿਸ ਵਿੱਚ ਦੋਵੇਂ ਧਿਰਾਂ ਵਿਚਾਲੇ ਧੱਕਾ-ਮੁੱਕੀ ਅਤੇ ਕੁੱਟਮਾਰ ਹੁੰਦੀ ਨਜ਼ਰ ਆ ਰਹੀ ਹੈ। ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲ ਮਲੋਟ ਵਿੱਚ ਦਾਖ਼ਲ ਕਰਵਾਇਆ ਗਿਆ, ਜਦਕਿ ਇੱਕ ਵਿਅਕਤੀ ਦੀ ਗੰਭੀਰ ਹਾਲਤ ਦੇ ਮੱਦੇਨਜ਼ਰ ਉਸ ਨੂੰ ਫ਼ਰੀਦਕੋਟ ਰੈਫਰ ਕੀਤਾ ਗਿਆ ਹੈ। ਪੁਲਿਸ ਨੇ ਦੋਵੇਂ ਧਿਰਾਂ ਦੇ ਬਿਆਨ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪਹਿਲੀ ਧਿਰ ਦੇ ਸੰਜੀਵ ਗਰਗ (ਹੈੱਪੀ), ਅਮਨਦੀਪ ਗਰਗ, ਰੇਖਾ ਗਰਗ ਅਤੇ ਆਯੁਸ਼ ਗਰਗ ਨੇ ਦੋਸ਼ ਲਗਾਇਆ ਕਿ ਉਹ ਦਰਸ਼ਨ ਕਰਨ ਲਈ ਪੀਰਖਾਨਾ ਗਏ ਹੋਏ ਸਨ। ਇਸ ਦੌਰਾਨ ਦੂਜੀ ਧਿਰ ਦੇ ਲੋਕਾਂ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਰੇਖਾ ਗਰਗ ਨੇ ਦੋਸ਼ ਲਗਾਇਆ ਕਿ ਉਸ ਨਾਲ ਕੁੱਟਮਾਰ ਕੀਤੀ ਗਈ, ਥੱਪੜ ਮਾਰੇ ਗਏ ਅਤੇ ਉਸ ਦਾ ਦੁਪੱਟਾ ਵੀ ਖਿੱਚਿਆ ਗਿਆ। ਇਸ ਘਟਨਾ ਵਿੱਚ ਚਾਰੇ ਜਣੇ ਜ਼ਖ਼ਮੀ ਹੋਏ ਅਤੇ ਹਸਪਤਾਲ ਵਿੱਚ ਦਾਖ਼ਲ ਕਰਵਾਏ ਗਏ।

ਦੂਜੇ ਪਾਸੇ ਹਸਪਤਾਲ ਵਿੱਚ ਦਾਖ਼ਲ ਕੇਸ਼ਵ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਪੀਰਖਾਨਾ ਵਿੱਚ ਲੰਗਰ ਪ੍ਰਥਾ ਸ਼ੁਰੂ ਕਰਨ ਨੂੰ ਲੈ ਕੇ ਦੂਜੀ ਧਿਰ ਉਨ੍ਹਾਂ ਨਾਲ ਰੰਜਿਸ਼ ਰੱਖਦੀ ਸੀ। ਉਸ ਦਾ ਦਾਅਵਾ ਹੈ ਕਿ ਪਹਿਲਾਂ ਦੂਜੀ ਧਿਰ ਨੇ ਉਸ ਦੇ ਪਰਿਵਾਰ ‘ਤੇ ਹਮਲਾ ਕੀਤਾ ਅਤੇ ਜਦੋਂ ਉਹ ਵਿਚਕਾਰ-ਬਚਾਅ ਕਰਨ ਲਈ ਗਿਆ ਤਾਂ ਉਸ ਦੀ ਉਂਗਲ ‘ਤੇ ਸੱਟ ਲੱਗੀ। ਕੇਸ਼ਵ ਨੇ ਮਹਿਲਾ ਨਾਲ ਕੁੱਟਮਾਰ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਹੋਰ ਮਾਮਲਿਆਂ ਬਾਰੇ ਪੀਰਖਾਨਾ ਕਮੇਟੀ ਹੀ ਸਪੱਸ਼ਟੀਕਰਨ ਦੇ ਸਕਦੀ ਹੈ। ਉਸ ਨੇ ਇਹ ਵੀ ਦੋਸ਼ ਲਗਾਇਆ ਕਿ ਉਨ੍ਹਾਂ ਨੂੰ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।



ਉੱਧਰ ਮਲੋਟ ਪੁਲਿਸ ਦਾ ਕਹਿਣਾ ਹੈ ਕਿ ਅਗਰਵਾਲ ਪੀਰਖਾਨਾ ਵਿੱਚ ਦੋ ਪਰਿਵਾਰਾਂ ਵਿਚਾਲੇ ਵਿਵਾਦ ਕਾਰਨ ਇਹ ਝਗੜਾ ਹੋਇਆ। ਦੋਵੇਂ ਧਿਰਾਂ ਦੇ ਜ਼ਖ਼ਮੀਆਂ ਦਾ ਮੈਡੀਕਲ ਕਰਵਾਇਆ ਗਿਆ ਹੈ ਅਤੇ ਇੱਕ ਵਿਅਕਤੀ ਨੂੰ ਬਿਹਤਰ ਇਲਾਜ ਲਈ ਫ਼ਰੀਦਕੋਟ ਰੈਫਰ ਕੀਤਾ ਗਿਆ ਹੈ। ਪੁਲਿਸ ਮੁਤਾਬਕ ਮੈਡੀਕਲ ਰਿਪੋਰਟ ਦੇ ਆਧਾਰ ‘ਤੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਨੋਟ: ਇਸ ਮਾਮਲੇ ਵਿੱਚ ਦੋਵੇਂ ਧਿਰਾਂ ਨੇ ਇੱਕ-ਦੂਜੇ ‘ਤੇ ਦੋਸ਼ ਲਗਾਏ ਹਨ। ਪੁਲਿਸ ਜਾਂਚ ਜਾਰੀ ਹੈ ਅਤੇ ਦੋਸ਼ਾਂ ਦੀ ਅਧਿਕਾਰਿਕ ਪੁਸ਼ਟੀ ਹੋਣੀ ਬਾਕੀ ਹੈ।