ਲੁਧਿਆਣਾ ‘ਚ ਮੰਦਰ ਦੀ ਬੇਅਦਬੀ, ਹਿੰਦੂ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਰੇਲਵੇ ਟਰੈਕ ‘ਤੇ ਸੁੱਟੀਆਂ

0
184

ਲੁਧਿਆਣਾ, 6 ਨਵੰਬਰ | ਅੱਜ ਮੰਦਰ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਕੁਝ ਲੋਕਾਂ ਨੇ ਰੇਲਵੇ ਟਰੈਕ ‘ਤੇ ਹਿੰਦੂ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਡਿੱਗੀਆਂ ਦੇਖੀਆਂ, ਜਿਸ ਤੋਂ ਬਾਅਦ ਹੰਗਾਮਾ ਹੋ ਗਿਆ। ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਇਕ ਦੋਸ਼ੀ ਖਿਲਾਫ ਐੱਫ.ਆਈ.ਆਰ. ਦਰਜ ਕਰਵਾਈ ਹੈ। ਪੁਲਿਸ ਮੁਲਜ਼ਮ ਦੀ ਭਾਲ ਵਿਚ ਛਾਪੇਮਾਰੀ ਕਰ ਰਹੀ ਹੈ। ਫਿਲਹਾਲ ਘਟਨਾ ਵਾਲੀ ਥਾਂ ‘ਤੇ ਸਥਿਤੀ ਆਮ ਵਾਂਗ ਹੈ।

ਜਾਣਕਾਰੀ ਦਿੰਦਿਆਂ ਏ.ਐਸ.ਆਈ ਪੁਰਸ਼ੋਤਮ ਲਾਲ ਨੇ ਦੱਸਿਆ ਕਿ ਅੱਜ ਸ਼ੇਰਪੁਰ ਨੇੜੇ ਰੇਲਵੇ ਲਾਈਨ ਤੋਂ ਲੋਕਾਂ ਨੇ ਇਤਲਾਹ ਦਿੱਤੀ ਕਿ ਰੇਲਵੇ ਟ੍ਰੈਕ ਨੇੜੇ ਇੱਕ ਦਰੱਖਤ ਹੇਠਾਂ ਦੋ ਮੂਰਤੀਆਂ ਰੱਖ ਕੇ ਇੱਕ ਮੰਦਿਰ ਸਥਾਪਿਤ ਕੀਤਾ ਹੋਇਆ ਹੈ। ਇਲਾਕੇ ਵਿਚ ਘੁੰਮ ਰਹੇ ਇੱਕ ਵਿਅਕਤੀ ਨੇ ਮੂਰਤੀਆਂ ਅਤੇ ਫੋਟੋਆਂ ਨਾਲ ਛੇੜਛਾੜ ਕੀਤੀ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲਾ ਸ਼ਾਂਤ ਕੀਤਾ।

ਪੁਜਾਰੀ ਬ੍ਰਿਜਾਨੰਦਨ ਨੇ ਪੁਲਿਸ ਨੂੰ ਦੱਸਿਆ ਕਿ ਅੱਜ ਸਵੇਰੇ ਜਦੋਂ ਉਹ ਮੰਦਰ ਆਇਆ ਤਾਂ ਦੇਖਿਆ ਕਿ ਮੁਲਜ਼ਮ ਗੁਲਜ਼ਾਰੀ ਮੰਦਰ ਦੀਆਂ ਤਸਵੀਰਾਂ ਜ਼ਮੀਨ ਤੇ ਰੇਲਵੇ ਟਰੈਕ ’ਤੇ ਸੁੱਟ ਰਿਹਾ ਸੀ। ਮੁਲਜ਼ਮ ਪਹਿਲਾਂ ਵੀ ਕਈ ਵਾਰ ਬੇਅਦਬੀ ਦੀ ਕੋਸ਼ਿਸ਼ ਕਰ ਚੁੱਕਾ ਹੈ। ਅੱਜ ਮੌਕੇ ‘ਤੇ ਲੋਕਾਂ ਨੇ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਫਰਾਰ ਹੋ ਗਿਆ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।